
ਪਟਿਆਲਾ, 20 ਫਰਵਰੀ : ਰਿਆਸਤੀ ਸ਼ਹਿਰ ਪਟਿਆਲਾ, ਜੋ ਆਪਣੀ ਅਮੀਰ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਲਈ ਵਿਸ਼ਵ ਭਰ ਵਿਚ ਮਸ਼ਹੂਰ ਹੈ, ਅੱਜ ਖੁਦ ਆਪਣੀ ਹੋਂਦ ਨੂੰ ਬਚਾਉਣ ਲਈ ਜੂਝ ਰਿਹਾ ਹੈ। ਬੜੇ ਅਫਸੋਸ ਦੀ ਗੱਲ ਹੈ ਕਿ ਸ਼ਾਹੀ ਸ਼ਹਿਰ ਦੀ ਅਸਲ ਪਛਾਣ ਕਹੇ ਜਾਣ ਵਾਲੇ ਇਤਿਹਾਸਕ ਸਮਾਰਕ ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਬੇਰੁਖ਼ੀ ਅਤੇ ਪ੍ਰਬੰਧਕੀ ਅਣਗਹਿਲੀ ਕਾਰਨ ‘ਤਾਲਿਆਂ’ ਵਿਚ ਬੰਦ ਹਨ। ਦੇਸ਼-ਵਿਦੇਸ਼ ਤੋਂ ਪਟਿਆਲਾ ਦਾ ਸ਼ਾਹੀ ਇਤਿਹਾਸ ਦੇਖਣ ਆਉਣ ਵਾਲੇ ਸੈਲਾਨੀ ਨਿਰਾਸ਼ ਹੋ ਕੇ ਸਿਰਫ਼ ਇਨ੍ਹਾਂ ਇਮਾਰਤਾਂ ਦੀਆਂ ਬਾਹਰਲੀਆਂ ਕੰਧਾਂ ਦੇਖ ਕੇ ਹੀ ਵਾਪਸ ਪਰਤ ਰਹੇ ਹਨ। ਪਟਿਆਲਾ ਦਾ ਕਿਲ੍ਹਾ ਮੁਬਾਰਕ, ਜੋ ਕਿ ਸਿੱਖ ਆਰਕੀਟੈਕਚਰ ਅਤੇ ਮੁਗਲ-ਰਾਜਸਥਾਨੀ ਸ਼ੈਲੀ ਦਾ ਇਕ ਬੇਮਿਸਾਲ ਸੁਮੇਲ ਹੈ, ਆਪਣੀ ਅੰਦਰੂਨੀ ਸੁੰਦਰਤਾ ਅਤੇ ਕਲਾਕਾਰੀ ਲਈ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ। ਇਸ ਦੇ ਅੰਦਰੂਨੀ ਹਿੱਸੇ, ਖਾਸ ਕਰਕੇ ਦੀਵਾਰਾਂ ‘ਤੇ ਕੀਤੀ ਗਈ ਨਕਾਸ਼ੀ ਤੇ ਸੋਨ ਪਰਤ ਦਾ ਕੰਮ, ਪਟਿਆਲਾ ਰਿਆਸਤ ਦੀ ਸ਼ਾਨੋ-ਸ਼ੌਕਤ ਨੂੰ ਦਰਸਾਉਂਦਾ ਹੈ। ਕਿਲ੍ਹਾ ਮੁਬਾਰਕ ਦੇ ਅੰਦਰੂਨੀ ਹਿੱਸੇ, ਖਾਸ ਕਰਕੇ ਕਿਲ੍ਹਾ ਦੇ ਅੰਦਰ ਦੀਆਂ ਕੰਧਾਂ ‘ਤੇ ਬਹੁਤ ਹੀ ਬਾਰੀਕ ਨਕਾਸ਼ੀ ਦੇਖਣਯੋਗ ਹੈ। ਕੰਧਾਂ ‘ਤੇ ਬਣੇ ਚਿੱਤਰ ਪਟਿਆਲਾ ਦੇ ਸ਼ਾਸਕਾਂ ਦੀ ਕਲਾ ਪ੍ਰੇਮ ਨੂੰ ਦਰਸਾਉਂਦੇ ਹਨ। ਕਿਲ੍ਹੇ ਦੇ ਕੁਝ ਖਾਸ ਹਿੱਸੇ ’ਚ ਕੰਧਾਂ ਦੇ ਬਾਰਡਰਾਂ ਤੇ ਗੁੰਬਦਾਂ ਦੇ ਅੰਦਰੂਨੀ ਹਿੱਸਿਆਂ ‘ਤੇ ਅਸਲੀ ਸੋਨੇ ਦੀ ਪਰਤ ਦਾ ਇਸਤੇਮਾਲ ਕੀਤਾ ਗਿਆ ਹੈ। ਸੋਨੇ ਦੇ ਕੰਮ ਦੇ ਨਾਲ-ਨਾਲ ਰੰਗੀਨ ਪੱਥਰਾਂ ਤੇ ਕੱਚ ਦੀ ਮੀਨਾਕਾਰੀ ਦਾ ਸੁਮੇਲ ਇਸ ਨੂੰ ਹੋਰ ਵੀ ਵਿਲੱਖਣ ਬਣਾਉਂਦਾ ਹੈ। ਕਿਲ੍ਹੇ ਦੇ ਵਿਸ਼ਾਲ ਬੁਰਜ ਤੇ ਲੱਕੜ ਦੇ ਭਾਰੀ ਦਰਵਾਜ਼ੇ ਉਸ ਸਮੇਂ ਦੀ ਮਜ਼ਬੂਤ ਇੰਜੀਨੀਅਰਿੰਗ ਦਾ ਸਬੂਤ ਹਨ। ਕਿਲ੍ਹਾ ਮੁਬਾਰਕ ਦੀ ਬਣਤਰ ਵਿਚ ‘ਕੱਚੀ ਗੜ੍ਹੀ’ ਦਾ ਵੀ ਅਹਿਮ ਸਥਾਨ ਹੈ, ਜਿਸ ਨੂੰ ਬਾਬਾ ਆਲਾ ਸਿੰਘ ਨੇ ਸਭ ਤੋਂ ਪਹਿਲਾਂ ਬਣਵਾਇਆ ਸੀ।
-ਫਿੱਕੀ ਪੈ ਰਹੀ ਸ਼ੀਸ਼ ਮਹਿਲ ਦੀ ਚਮਕ
ਪਟਿਆਲਾ ਦਾ ਸ਼ੀਸ਼ ਮਹਿਲ ਆਪਣੀ ਬੇਮਿਸਾਲ ਕਲਾ ਅਤੇ ਇਤਿਹਾਸਕ ਵਿਰਾਸਤ ਲਈ ਦੁਨੀਆ ਭਰ ਵਿਚ ਮਸ਼ਹੂਰ ਹੈ। ਮਹਿਲ ਦੀਆਂ ਕੰਧਾਂ ‘ਤੇ ਬਣੇ ਚਿੱਤਰ ਬਹੁਤ ਹੀ ਬਾਰੀਕ ਅਤੇ ਖੂਬਸੂਰਤ ਹਨ। ਇਹ ਚਿੱਤਰ ਹਿੰਦੂ ਮਿਥਿਹਾਸ, ਕਾਵਿ-ਰਚਨਾਵਾਂ ਅਤੇ ਉਸ ਸਮੇਂ ਦੇ ਰਾਜਸੀ ਜੀਵਨ ਨੂੰ ਦਰਸਾਉਂਦੇ ਹਨ। ਇਹ ਚਿੱਤਰਕਾਰੀ ਮੁੱਖ ਤੌਰ ‘ਤੇ ਰਾਜਸਥਾਨੀ ਅਤੇ ਕਾਂਗੜਾ ਸ਼ੈਲੀ ਦਾ ਮਿਸ਼ਰਣ ਹੈ। ਸ਼ੀਸ਼ ਮਹਿਲ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਮੈਡਲ ਗੈਲਰੀਆਂ ਵਿੱਚੋਂ ਇਕ ਹੈ। ਇੱਥੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ 3000 ਤੋਂ ਵੱਧ ਮੈਡਲ ਅਤੇ ਸਜਾਵਟੀ ਚਿੰਨ੍ਹ ਰੱਖੇ ਗਏ ਸਨ। ਇਹ ਮੈਡਲ ਮਹਾਰਾਜਾ ਭੁਪਿੰਦਰ ਸਿੰਘ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਵੱਲੋਂ ਇਕੱਠੇ ਕੀਤੇ ਗਏ ਸਨ। ਮਹਿਲ ਦੇ ਇੱਕ ਹਿੱਸੇ ਵਿੱਚ ਕੱਚ ਅਤੇ ਸ਼ੀਸ਼ੇ ਦੀ ਬਹੁਤ ਹੀ ਜਟਿਲ ਜੜਤ ਕੀਤੀ ਗਈ ਹੈ। ਰੰਗਦਾਰ ਸ਼ੀਸ਼ਿਆਂ ਅਤੇ ਚੀਨੀ ਮਿੱਟੀ ਦੇ ਟੁਕੜਿਆਂ ਨਾਲ ਬਣਾਈਆਂ ਗਈਆਂ ਕਲਾਕ੍ਰਿਤੀਆਂ ਜਦੋਂ ਰੌਸ਼ਨੀ ਵਿੱਚ ਚਮਕਦੀਆਂ ਹਨ, ਤਾਂ ਇੱਕ ਅਦਭੁਤ ਨਜ਼ਾਰਾ ਪੇਸ਼ ਕਰਦੀਆਂ ਹਨ। ਮਹਿਲ ਵਿੱਚ ਹਾਥੀ ਦੰਦ ਤੋਂ ਬਣੀਆਂ ਬਾਰੀਕ ਕਲਾਕ੍ਰਿਤੀਆਂ ਅਤੇ ਪੁਰਾਣੇ ਸਮੇਂ ਦੇ ਰਾਜਸੀ ਫਰਨੀਚਰ ਦਾ ਵਧੀਆ ਸੰਗ੍ਰਹਿ ਹੈ। ਮਹਿਲ ਦੇ ਸਾਹਮਣੇ ਇੱਕ ਸੁੰਦਰ ਝੀਲ ਬਣਵਾਈ ਗਈ ਸੀ। ਇਸ ਝੀਲ ਦੇ ਉੱਪਰ ਇੱਕ ਰੱਸੀ ਵਾਲਾ ਪੁਲ ਬਣਾਇਆ ਗਿਆ, ਜਿਸ ਨੂੰ ‘ਲਛਮਣ ਝੂਲਾ’ ਕਿਹਾ ਜਾਂਦਾ ਹੈ। ਇਹ ਰਿਸ਼ੀਕੇਸ਼ ਦੇ ਲਛਮਣ ਝੂਲੇ ਦੀ ਤਰਜ਼ ‘ਤੇ ਬਣਾਇਆ ਗਿਆ ਸੀ ਤੇ ਹੁਣ ਇਸਨੂੰ ਵੀ ਤਾਲੇ ਲੱਗੇ ਹੋਏ ਹਨ।
ਸੈਲਾਨੀਆਂ ਅਤੇ ਸਥਾਨਕ ਲੋਕਾਂ ਵਿੱਚ ਰੋਸ
ਦੂਰ-ਦੁਰਾਡੇ ਤੋਂ ਆਏ ਸੈਲਾਨੀਆਂ ਦਾ ਕਹਿਣਾ ਹੈ ਕਿ ਉਹ ਇੰਟਰਨੈੱਟ ਅਤੇ ਕਿਤਾਬਾਂ ਵਿੱਚ ਪੜ੍ਹ ਕੇ ਪਟਿਆਲਾ ਦੀ ਵਿਰਾਸਤ ਦੇਖਣ ਆਉਂਦੇ ਹਨ, ਪਰ ਇੱਥੇ ਪਹੁੰਚ ਕੇ ਉਨ੍ਹਾਂ ਨੂੰ ਸਿਰਫ਼ ਬੰਦ ਦਰਵਾਜ਼ੇ ਅਤੇ ਜੰਗਾਲ ਲੱਗੇ ਤਾਲੇ ਹੀ ਨਸੀਬ ਹੁੰਦੇ ਹਨ। ਸਥਾਨਕ ਨਿਵਾਸੀਆਂ ਅਨੁਸਾਰ, ਜੇਕਰ ਇਨ੍ਹਾਂ ਇਮਾਰਤਾਂ ਨੂੰ ਸਹੀ ਢੰਗ ਨਾਲ ਖੋਲ੍ਹ ਕੇ ਸੈਰ-ਸਪਾਟੇ ਵਜੋਂ ਵਿਕਸਤ ਕੀਤਾ ਜਾਵੇ, ਤਾਂ ਇਹ ਸ਼ਹਿਰ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇ ਸਕਦੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਕੁਝ ਹਿੱਸਿਆਂ ਵਿਚ ਚੱਲ ਰਹੀ ਮੁਰੰਮਤ ਦੇ ਕੰਮਾਂ ਦੀ ਰਫ਼ਤਾਰ ਇੰਨੀ ਸੁਸਤ ਹੈ ਕਿ ਲੱਗਦਾ ਹੈ ਜਿਵੇਂ ਵਿਰਾਸਤ ਨੂੰ ਸੰਭਾਲਣ ਦੀ ਬਜਾਏ ਉਸ ਨੂੰ ਵਿਸਾਰਿਆ ਜਾ ਰਿਹਾ ਹੈ। ਜੇਕਰ ਜਲਦੀ ਹੀ ਇਨ੍ਹਾਂ ਇਤਿਹਾਸਕ ਇਮਾਰਤਾਂ ਦੇ ਦਰਵਾਜ਼ੇ ਨਾ ਖੋਲ੍ਹੇ ਗਏ ਅਤੇ ਇਨ੍ਹਾਂ ਦੀ ਸਹੀ ਸੰਭਾਲ ਨਾ ਕੀਤੀ ਗਈ, ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਸਿਰਫ਼ ਕਿਤਾਬੀ ਗੱਲਾਂ ਹੀ ਰਹਿ ਜਾਣਗੀਆਂ। ਪਟਿਆਲਾ ਦੀ ਵਿਰਾਸਤ ਨੂੰ ਤਾਲਿਆਂ ਵਿੱਚੋਂ ਆਜ਼ਾਦ ਕਰਨਾ ਸਮੇਂ ਦੀ ਮੁੱਖ ਲੋੜ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਹਿਲ ਦੀ ਸਫਾਈ ਅਤੇ ਸਾਂਭ-ਸੰਭਾਲ ਸਿਰਫ਼ ਸਾਲ ਵਿੱਚ ਇੱਕ ਵਾਰ ‘ਪਟਿਆਲਾ ਹੈਰੀਟੇਜ ਫੈਸਟੀਵਲ’ ਜਾਂ ਸਰਕਾਰੀ ਮੇਲਿਆਂ ਦੌਰਾਨ ਹੀ ਕੀਤੀ ਜਾਂਦੀ ਹੈ। ਬਾਕੀ ਪੂਰਾ ਸਾਲ ਇਹ ਇਮਾਰਤ ਪ੍ਰਬੰਧਕਾਂ ਦੀ ਉਡੀਕ ਕਰਦੀ ਰਹਿੰਦੀ ਹੈ। ਸੀਲਨ ਅਤੇ ਰੱਖ-ਰਖਾਅ ਦੀ ਘਾਟ ਕਾਰਨ ਇਸ ਦੀਆਂ ਕੀਮਤੀ ਕੰਧਾਂ ਅਤੇ ਸ਼ੀਸ਼ੇ ਦਾ ਕੰਮ ਹੌਲੀ-ਹੌਲੀ ਦਮ ਤੋੜ ਰਿਹਾ ਹੈ।
ਵਿਰਾਸਤੀ ਇਮਾਰਤਾਂ ਨੂੰ ਦੀ ਸੰਭਾਲ ਲਈ ਹੋ ਰਹੇ ਉਪਰਾਲੇ : ਵਿਧਾਇਕ ਕੋਹਲੀ
ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਕਹਿਣਾ ਹੈ ਕਿ ਸ਼ਹਿਰ ਦੀ ਇਤਿਹਾਸਕ ਇਮਾਰਤਾਂ ਵਿਸ਼ਵ ਹੈਰੀਟੇਜ ਇਮਾਰਤਾਂ ਹਨ। ਇਸ ਲਈ ਸੂਬਾ ਸਰਕਾਰ ਦੇ ਨਾਲ ਨਾਲ ਕੇਂਦਰੀ ਵਿਭਾਗਾਂ ਦੀ ਵੀ ਜ਼ਿੰਮੇਵਾਰੀ ਹੈ, ਜਿਸ ਕਰਕੇ ਕਈ ਤਰਾਂ ਦੇ ਤਕਨੀਕੀ ਪੱਖ ਹਨ। ਇਸਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਦੀ ਇਤਿਹਾਸਕ ਇਮਾਰਤਾਂ ਤੇ ਵਿਰਾਸਤ ਲਈ ਉਪਰਾਲੇ ਕੀਤੇ ਜਾ ਰਹੇ ਹਨ। ਹਾਲ ਹੀ ਵਿਚ ਪਟਿਆਲਾ ਵਿਰਾਸਤੀ ਮੇਲੇ ਤਹਿਤ ਲੋਕਾਂ ਨੂੰ ਪਟਿਆਲਾ ਦੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਲੜੀਵਾਰ ਪ੍ਰੋਗਰਾਮ ਵੀ ਚੱਲ ਰਹੇ ਹਨ। ਵਿਧਾਇਕ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਿਰਾਸਤੀ ਇਮਾਰਤਾਂ ਨੂੰ ਦੀ ਸਾਂਭ ਸੰਭਾਲ ਲਈ ਲੋੜੀਂਦੇ ਉਪਰਾਲੇ ਕਰ ਰਹੀ ਹੈ।



