Punjab

ਸਰਕਾਰਾਂ ਰਹੀਆਂ ਵਾਅਦਿਆਂ ਤੱਕ ਸੀਮਿਤ, ਹੁਣ ਸੰਗਤਾਂ ਦੇ ਸਹਿਯੋਗ ਨਾਲ ਦਰਿਆ ਕੰਢੇ ਬਚਾਉਣ ਲਈ ਮੈਦਾਨ ‘ਚ ਉਤਰੀ ਯੁਨਾਈਟਿਡ ਸਿੱਖਸ

ਸਤਲੁਜ ‘ਤੇ ਬਣਨਗੀਆਂ 15 ਮਜ਼ਬੂਤ ਨੋਚਾਂ, ਕਰੋੜਾਂ ਰੁਪਏ ਦੇ ਪ੍ਰੋਜੈਕਟ ਦਾ 17 ਮਈ ਤੋਂ ਹੋਵੇਗਾ ਆਗਾਜ਼

ਫਿਰੋਜ਼ਪੁਰ, 15 ਮਈ (ਜਸਵਿੰਦਰ ਸਿੰਘ ਸੰਧੂ) — ਜਿੱਥੇ ਸਰਕਾਰਾਂ ਸਾਲਾਂ ਤੋਂ ਦਰਿਆਈ ਕਟਾਅ ਰੋਕਣ ਦੇ ਦਾਅਵੇ ਕਰਦੀਆਂ ਰਹੀਆਂ, ਉੱਥੇ ਜ਼ਮੀਨੀ ਪੱਧਰ ‘ਤੇ ਲੋਕ ਅਜੇ ਵੀ ਖਤਰੇ ਨਾਲ ਜੂਝ ਰਹੇ ਹਨ। ਹੁਣ ਉਮੀਦਾਂ ਟੁੱਟਣ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਨੇ ਖੁਦ ਮੈਦਾਨ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਯੁਨਾਈਟਿਡ ਸਿੱਖਸ ਵੱਲੋਂ ਫਿਰੋਜ਼ਪੁਰ ਨੇੜਲੇ ਪਿੰਡ ਬਸਤੀ ਰਾਮ ਲਾਲ ਵਿਖੇ ਸਤਲੁਜ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਲਈ ਵੱਡਾ ਸੇਵਾ ਕਾਰਜ ਸ਼ੁਰੂ ਕੀਤਾ ਜਾ ਰਿਹਾ ਹੈ।

ਯੁਨਾਈਟਿਡ ਸਿੱਖਸ ਦੇ ਫਿਰੋਜ਼ਪੁਰ ਇੰਚਾਰਜ ਜਗਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਦੇ ਸੰਦੇਸ਼ ਨੂੰ ਸਮਰਪਿਤ ਇਹ ਵਿਸ਼ਾਲ ਉਪਰਾਲਾ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਤਹਿਤ ਸਤਲੁਜ ਦਰਿਆ ਵਿੱਚ ਪੱਥਰਾਂ ਦੀਆਂ ਮਜ਼ਬੂਤ ਨੋਚਾਂ (Studs) ਲਗਾਈਆਂ ਜਾਣਗੀਆਂ, ਜਿਨ੍ਹਾਂ ਦਾ ਮਕਸਦ ਦਰਿਆਈ ਕਟਾਅ ਰੋਕਣਾ ਅਤੇ ਕੰਢਿਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ।

ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਨਾਲ ਲੱਗਦੇ ਸਤਲੁਜ ਦੇ ਕਿਨਾਰਿਆਂ ‘ਤੇ ਕਰੀਬ 15 ਮਜ਼ਬੂਤ ਨੋਚਾਂ ਬਣਾਈਆਂ ਜਾਣਗੀਆਂ, ਜਿਨ੍ਹਾਂ ‘ਤੇ ਕਰੋੜਾਂ ਰੁਪਏ ਦੀ ਲਾਗਤ ਆਵੇਗੀ। ਇਹ ਕਾਰਜ ਨਾ ਸਿਰਫ਼ ਇਲਾਕੇ ਨੂੰ ਭਵਿੱਖ ਦੇ ਖਤਰੇ ਤੋਂ ਬਚਾਏਗਾ, ਸਗੋਂ ਵਾਤਾਵਰਣ ਸੰਭਾਲ ਵੱਲ ਵੀ ਇੱਕ ਵੱਡਾ ਕਦਮ ਸਾਬਤ ਹੋਵੇਗਾ।

ਇਸ ਸੇਵਾ ਕਾਰਜ ਦਾ ਸ਼ੁਭ ਆਰੰਭ 17 ਮਈ, ਐਤਵਾਰ ਸਵੇਰੇ 9:30 ਵਜੇ ਬਸਤੀ ਰਾਮ ਲਾਲ ਵਿਖੇ ਦਰਿਆ ਦੇ ਕੰਢੇ ਕੀਤਾ ਜਾਵੇਗਾ। ਸਮਾਗਮ ਦੌਰਾਨ ਰਾਜਨੀਤਿਕ ਸ਼ਖਸੀਅਤਾਂ ਦੇ ਨਾਲ-ਨਾਲ ਸੰਤ ਮਹਾਂਪੁਰਸ਼ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਨਗੇ।

ਯੁਨਾਈਟਿਡ ਸਿੱਖਸ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਅਜਿਹੇ ਸੇਵਾ ਕਾਰਜ ਸਮਾਜ ਵਿੱਚ ਏਕਤਾ, ਸੇਵਾ ਭਾਵਨਾ ਅਤੇ ਕੁਦਰਤੀ ਸੰਭਾਲ ਦੇ ਸੰਦੇਸ਼ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਬਸਤੀ ਰਾਮ ਲਾਲ ਦੇ ਸਰਪੰਚ ਜਰਮਲ ਸਿੰਘ ਅਤੇ ਦਲਜਿੰਦਰ ਸਿੰਘ ਮੰਗਾ ਵੀ ਮੌਜੂਦ ਸਨ।

ਇਸ ਨਿਵੇਕਲੇ ਉਪਰਾਲੇ ਦੀ ਪੂਰੇ ਇਲਾਕੇ ਵਿੱਚ ਚਰਚਾ ਹੋ ਰਹੀ ਹੈ ਅਤੇ ਲੋਕ ਇਸ ਨੂੰ ਸਰਕਾਰਾਂ ਲਈ ਵੀ ਇੱਕ ਵੱਡਾ ਸੰਦੇਸ਼ ਮੰਨ ਰਹੇ ਹਨ ਕਿ ਜਿੱਥੇ ਪ੍ਰਸ਼ਾਸਨ ਪਿੱਛੇ ਹਟ ਜਾਂਦਾ ਹੈ, ਉੱਥੇ ਸੰਗਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਆਸ ਬਣਦੀਆਂ ਹਨ।

Related Articles

Leave a Reply

Your email address will not be published. Required fields are marked *

Back to top button