ਨਾ ਕੁਰਸੀ, ਨਾ ਸਰਕਾਰ… ਫਿਰ ਵੀ ਪਿੰਕੀ ਬਣੇ ਬੱਚਿਆਂ ਲਈ ਠੰਢੇ ਪਾਣੀ ਦੀ ਆਸ “ਸਿਆਸਤ ਛੱਡੋ, ਆਓ ਫਿਰੋਜ਼ਪੁਰ ਦੇ ਭਲੇ ਲਈ ਇਕੱਠੇ ਹੋਈਏ” — ਪਰਮਿੰਦਰ ਸਿੰਘ ਪਿੰਕੀ
1 ਕਰੋੜ 17 ਲੱਖ ਦੇ RO ਲਗਾ ਕੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਦਿੱਤੀ ਵੱਡੀ ਰਾਹਤ

ਫਿਰੋਜ਼ਪੁਰ, 15 ਮਈ — (ਜਸਵਿੰਦਰ ਸਿੰਘ ਸੰਧੂ) ਸਿਆਸਤ ਵਿੱਚ ਅਕਸਰ ਵਾਅਦੇ ਹੀ ਸੁਣਨ ਨੂੰ ਮਿਲਦੇ ਹਨ, ਪਰ ਕੁਝ ਚਿਹਰੇ ਅਜੇ ਵੀ ਅਜਿਹੇ ਹਨ ਜੋ ਬਿਨਾਂ ਅਹੁਦੇ ਅਤੇ ਬਿਨਾਂ ਸਰਕਾਰ ਦੇ ਵੀ ਲੋਕਾਂ ਦੀਆਂ ਮੁਸ਼ਕਲਾਂ ਘਟਾਉਣ ਲਈ ਮੈਦਾਨ ਵਿੱਚ ਡਟੇ ਹੋਏ ਹਨ। ਫਿਰੋਜ਼ਪੁਰ ਦੇ ਕਾਂਗਰਸੀ ਆਗੂ ਪਰਮਿੰਦਰ ਸਿੰਘ ਪਿੰਕੀ ਇੱਕ ਵਾਰ ਫਿਰ ਆਪਣੇ ਲੋਕ ਭਲਾਈ ਵਾਲੇ ਉਪਰਾਲਿਆਂ ਕਰਕੇ ਚਰਚਾ ਵਿੱਚ ਹਨ।
ਨਾ ਉਹ ਇਸ ਵੇਲੇ ਵਿਧਾਇਕ ਹਨ ਅਤੇ ਨਾ ਹੀ ਉਨ੍ਹਾਂ ਦੀ ਸਰਕਾਰ, ਪਰ ਇਸ ਦੇ ਬਾਵਜੂਦ ਉਹ ਹਲਕੇ ਦੇ ਲੋਕਾਂ, ਖਾਸ ਕਰਕੇ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਵਿੱਚ ਲਗਾਤਾਰ ਸਰਗਰਮ ਨਜ਼ਰ ਆ ਰਹੇ ਹਨ। ਸ਼ਹਿਰ ਵਿੱਚ ਸੁਰੱਖਿਆ ਗੇਟ ਲਗਵਾਉਣ ਤੋਂ ਬਾਅਦ ਹੁਣ ਉਨ੍ਹਾਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਸ਼ੁੱਧ ਪੀਣ ਯੋਗ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਪਿੰਡ ਹਜ਼ਾਰਾਂ ਸਿੰਘ ਵਾਲਾ ਵਿੱਚ ਗੰਦਾ ਪਾਣੀ ਪੀਣ ਕਾਰਨ ਬੱਚਿਆਂ ਦੇ ਬਿਮਾਰ ਹੋਣ ਅਤੇ ਕੁਝ ਮਾਸੂਮਾਂ ਦੀ ਮੌਤ ਹੋ ਜਾਣ ਵਾਲੀ ਦਰਦਨਾਕ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਜਿੱਥੇ ਸਰਕਾਰੀ ਪ੍ਰਬੰਧਾਂ ‘ਤੇ ਸਵਾਲ ਉੱਠੇ, ਉੱਥੇ ਪਰਮਿੰਦਰ ਸਿੰਘ ਪਿੰਕੀ ਨੇ ਆਪਣੇ ਪੱਧਰ ‘ਤੇ ਸਕੂਲੀ ਬੱਚਿਆਂ ਲਈ ਸਾਫ ਪਾਣੀ ਦੀ ਵੱਡੀ ਮੁਹਿੰਮ ਸ਼ੁਰੂ ਕਰ ਦਿੱਤੀ।
ਇਸ ਉਪਰਾਲੇ ਤਹਿਤ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦੇ ਵਿਕਾਸ ਫੰਡ ਰਾਹੀਂ 50 ਤੋਂ ਵੱਧ ਥਾਵਾਂ ‘ਤੇ ਕਰੀਬ 1 ਕਰੋੜ 17 ਲੱਖ ਰੁਪਏ ਦੀ ਲਾਗਤ ਨਾਲ RO ਸਿਸਟਮ ਲਗਵਾਏ ਗਏ ਹਨ। ਇਨ੍ਹਾਂ ਪ੍ਰੋਜੈਕਟਾਂ ਦਾ ਮਕਸਦ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਗਰਮੀ ਦੇ ਮੌਸਮ ਵਿੱਚ ਸਾਫ ਅਤੇ ਠੰਢਾ ਪਾਣੀ ਮੁਹੱਈਆ ਕਰਵਾਉਣਾ ਹੈ। ਹਲਕੇ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਕਰਕੇ “ਵਿਕਾਸ ਪੁਰਸ਼” ਵਜੋਂ ਜਾਣੇ ਜਾਂਦੇ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਉਹ ਸਿਆਸਤ ਨਹੀਂ, ਸੇਵਾ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਲੋੜ ਆਪਸੀ ਖਿੱਚਤਾਣ ਤੋਂ ਉੱਪਰ ਉੱਠ ਕੇ ਫਿਰੋਜ਼ਪੁਰ ਦੇ ਭਲੇ ਲਈ ਇਕੱਠੇ ਹੋਣ ਦੀ ਹੈ।
ਉਨ੍ਹਾਂ ਕਿਹਾ, “ਆਓ ਸਾਰੇ ਮਿਲ ਕੇ ਫਿਰੋਜ਼ਪੁਰ ਵਾਸੀਆਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਦੇਣ ਲਈ ਕੰਮ ਕਰੀਏ। ਲੋਕਾਂ ਦੀ ਭਲਾਈ ਹੀ ਸਾਡੀ ਪਹਿਲ ਹੋਣੀ ਚਾਹੀਦੀ ਹੈ।”ਪਿੰਕੀ ਨੇ ਦਾਅਵਾ ਕੀਤਾ ਕਿ ਫਿਰੋਜ਼ਪੁਰ ਸ਼ਹਿਰੀ ਹਲਕੇ ਦਾ ਕੋਈ ਵੀ ਸਰਕਾਰੀ ਸਕੂਲ ਆਰ.ਓ. ਸਿਸਟਮ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਹਰ ਬੱਚੇ ਤੱਕ ਸ਼ੁੱਧ ਪਾਣੀ ਪਹੁੰਚਾਉਣ ਲਈ ਉਹ ਲਗਾਤਾਰ ਯਤਨਸ਼ੀਲ ਰਹਿਣਗੇ।ਫਿਰੋਜ਼ਪੁਰ ਦੇ ਸਮਾਜਿਕ ਅਤੇ ਰਾਜਨੀਤਿਕ ਵਰਗਾਂ ਵਿੱਚ ਪਿੰਕੀ ਦੇ ਇਸ ਉਪਰਾਲੇ ਦੀ ਖੂਬ ਚਰਚਾ ਹੋ ਰਹੀ ਹੈ। ਕਈ ਲੋਕ ਇਸਨੂੰ ਸਿਰਫ ਰਾਜਨੀਤੀ ਨਹੀਂ, ਸਗੋਂ ਇੱਕ ਸੇਵਾ ਭਾਵਨਾ ਵਾਲਾ ਕਦਮ ਮੰਨ ਰਹੇ ਹਨ, ਜੋ ਅੱਜ ਦੇ ਸਮੇਂ ਵਿੱਚ ਲੋਕਾਂ ਲਈ ਇੱਕ ਵੱਡਾ ਸੰਦੇਸ਼ ਵੀ ਹੈ।



