
ਫਿਰੋਜ਼ਪੁਰ, 1 ਜਨਵਰੀ : ਭਾਰਤੀ ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ, ਟਰੇਨਾਂ ਦੀ ਰਫ਼ਤਾਰ ਵਿੱਚ ਸੁਧਾਰ ਅਤੇ ਸੰਚਾਲਨ ਨੂੰ ਹੋਰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਹਰ ਸਾਲ ਰੇਲ ਗੱਡੀਆਂ ਦੀ ਸਮੇਂ-ਸਾਰਣੀ ਵਿਚ ਲੋੜੀਂਦੇ ਬਦਲਾਅ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ 1 ਜਨਵਰੀ 2026 ਤੋਂ ਫ਼ਿਰੋਜ਼ਪੁਰ ਮੰਡਲ ਦੇ ਅਧੀਨ ਚੱਲਣ ਵਾਲੀਆਂ ਰੇਲ ਗੱਡੀਆਂ ਦੀ ਸਮੇਂ-ਸਾਰਣੀ ਵਿੱਚ ਅੰਸ਼ਿਕ ਬਦਲਾਅ ਕੀਤਾ ਗਿਆ ਹੈ। ਸਮੇਂ-ਸਾਰਣੀ ਵਿਚ ਇਹ ਤਬਦੀਲੀ ਯਾਤਰੀਆਂ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖਦੇ ਹੋਏ, ਯਾਤਰਾ ਦੇ ਸਮੇਂ ਨੂੰ ਘਟਾਉਣ ਅਤੇ ਬੁਨਿਆਦੀ ਢਾਂਚੇ ਵਿਚ ਕੀਤੇ ਗਏ ਸੁਧਾਰਾਂ ਦਾ ਲਾਭ ਉਠਾਉਣ ਦੇ ਮਕਸਦ ਨਾਲ ਕੀਤੀ ਗਈ ਹੈ। ਇਸ ਦਾ ਮੁੱਖ ਉਦੇਸ਼ ਟਰੇਨਾਂ ਦੀ ਸਮੇਂ ਸਿਰ ਆਵਾਜਾਈ ਨੂੰ ਯਕੀਨੀ ਬਣਾਉਣਾ ਅਤੇ ਵੱਖ-ਵੱਖ ਮੰਜ਼ਿਲਾਂ ਦੇ ਵਿਚਕਾਰ ਬਿਹਤਰ ਕਨੈਕਟੀਵਿਟੀ ਉਪਲਬੱਧ ਕਰਵਾਉਣਾ ਹੈ। ਟਰੇਨਾਂ ਦੀ ਨਵੀਨਤਮ ਸਮੇਂ-ਸਾਰਣੀ ਭਾਰਤੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ ਨੈਸ਼ਨਲ ਟਰੇਨ ਇਨਕੁਆਰੀ ਸਿਸਟਮ ਅਤੇ ਰੇਲਵੇ ਹੈਲਪਲਾਈਨ ਨੰਬਰ 139 ’ਤੇ ਉਪਲਬੱਧ ਹੈ। ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸਬੰਧਤ ਟਰੇਨ ਦੀ ਸਮੇਂ-ਸਾਰਣੀ ਬਾਰੇ ਜਾਣਕਾਰੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ ਤੋਂ ਜ਼ਰੂਰ ਪ੍ਰਾਪਤ ਕਰ ਲੈਣ, ਤਾਂ ਜੋ ਉਨ੍ਹਾਂ ਦੀ ਯਾਤਰਾ ਸੁਵਿਧਾਜਨਕ ਰਹੇ।



