
ਜਲੰਧਰ, 12 ਅਗਸਤ : ਜਲੰਧਰ-ਅੰਮ੍ਰਿਤਸਰ ਰੇਲ ਮਾਰਗ ’ਤੇ ਪੈਂਦੇ ਆਨੰਦ ਨਗਰ ਵਿਖੇ ਦੋ ਦੋਸਤ ਆਪਣੀ ਜਾਨ ਜੋਖਮ ’ਚ ਪਾ ਕੇ ਇੰਸਟਾਗਰਾਮ ਦੀ ਰੀਲ ਬਣਾਉਦੇ ਹੋਏ ਰੇਲ ਗੱਡੀ ਦੀ ਚਪੇਟ ’ਚ ਆ ਕੇ ਗੰਭੀਰ ਜਖਮੀ ਹੋ ਗਏ। ਜਿਨ੍ਹਾ ਨੂੰ ਉਨ੍ਹਾਂ ਦੇ ਦੋਸਤ ਨਰੇਸ਼ ਕੁਮਾਰ ਤੇ ਸਾਹਿਲ ਵੱਲੋਂ ਹੀ ਮੌਕੇ ’ਤੇ ਸਵਾਰੀਆਂ ਦਾ ਭਰਿਆ ਆਟੋ ਖਾਲੀ ਕਰਵਾ ਕੇ ਨਜ਼ਦੀਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ। ਜਿਨ੍ਹਾਂ ਦੀ ਪਛਾਣ ਵਿਕਰਮਜੀਤ ਸਿੰਘ ਉਰਫ ਹੈਪੀ ਤੇ ਬਾਵਾ ਦੋਵੇਂ ਵਾਸੀ ਆਨੰਦ ਨਗਰ ਮਕਸੂਦਾਂ ਜਲੰਧਰ ਵਜੋਂ ਹੋਈ ਹੈ। ਇਸ ਸਬੰਧੀ ਜੀਆਰਪੀ ਥਾਣੇ ਦੇ ਥਾਣਾ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਸੂਰਾਨੁੱਸੀ ਰੇਲਵੇ ਸਟੇਸ਼ਨ ਤੋਂ ਡਿਊਟੀ ਅਫਸਰ ਨਰਿੰਦਰ ਕੁਮਾਰ ਮੌਕੇ ’ਤੇ ਪੁੱਜੇ, ਜਿਨ੍ਹਾਂ ਨੂੰ ਮੌਕੇ ’ਤੇ ਕੋਈ ਵੀ ਜ਼ਖਮੀ ਵਿਅਕਤੀ ਨਹੀਂ ਮਿਲਿਆ। ਕਿਉਂਕਿ ਉਨ੍ਹਾਂ ਦੇ ਵਾਰਸ ਪੁਲਿਸ ਪਾਰਟੀ ਦੇ ਪਹੁੰਚਣ ਤੋਂ ਪਹਿਲਾਂ ਹੀ ਉਥੋਂ ਲੈ ਗਏ ਸਨ। ਉਪਰੰਤ ਉਨ੍ਹਾਂ ਨੂੰ ਕਿਸੇ ਵੀ ਹਸਪਤਾਲ ਤੋਂ ਸੂਚਨਾ ਪ੍ਰਾਪਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦੀ ਜਾਣਕਾਰੀ ਮਿਲਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।



