Punjab

ਪੰਚਾਇਤੀ ਵਿਭਾਗ ’ਚ ਸਟੇਸ਼ਨਰੀ ਦੇ ਨਾਂ ’ਤੇ ਹੋਏ ਘਪਲੇ ਦੀ ਵਿਜੀਲੈਂਸ ਜਾਂਚ ਹੋਵੇ : ਕੋਟਲੀ

ਖੰਨਾ, 12 ਅਗਸਤ : ਪੰਜਾਬ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਸੋਮਵਾਰ ਪੰਚਾਇਤੀ ਵਿਭਾਗ ’ਚ ਕੀਤੇ ਘਪਲੇ ਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਲੈ ਕੇ ਆਪ ਸਰਕਾਰ ਤੇ ਵਾਰ ਕੀਤਾ ਹੈ। ਕੋਟਲੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੋਸ਼ ਲਗਾਇਆ ਕਿ ਸਰਕਾਰ, ਪੰਚਾਇਤ ਵਿਭਾਗ ’ਚ ਸਟੇਸ਼ਨਰੀ ਦੇ ਨਾਂ ਤੇ ਹਰੇਕ ਪੰਚਾਇਤ ਤੋਂ 7000 ਰੁਪਏ ਲੈ ਰਹੀ ਹੈ ਜਦਕਿ ਦਿੱਤੀ ਸਟੇਸ਼ਨਰੀ ਦੀ ਕੀਮਤ 700 ਰੁਪਏ ਹੈ। ਪੰਜਾਬ ’ਚ ਕਰੋੜਾਂ ਦਾ ਘੁਟਾਲਾ ਹੋਇਆ ਹੈ। ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਕੋਲ ਪੰਚਾਇਤੀ ਵਿਭਾਗ ਹੈ। ਪੂਰੇ ਪੰਜਾਬ ਦੀਆਂ ਪੰਚਾਇਤਾਂ ਤੋਂ 7000 ਰੁਪਏ ਦੇ ਕਰੀਬ ਚੈੱਕ ਲਏ ਗਏ ਹਨ, ਪੰਜਾਬ ’ਚ ਲਗਪਗ 12000 ਪੰਚਾਇਤਾਂ ਹਨ, ਇੰਝ ਕਰੋੜਾਂ ਦਾ ਘੁਟਾਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬ ’ਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ ਪਰ ਖੰਨਾ ’ਚ ਇਹ ਮੁਹਿੰਮ ਨੂੰ ਤਹਿਤ ਯੁੱਧ ਵਿਰੋਧੀਆਂ ਵਿਰੁੱਧ ਅਰੰਭਿਆ ਹੋਇਆ ਹੈ। ਨਸ਼ਾ ਵਿਰੋਧੀ ਮੁਹਿੰਮ ’ਚ ਵੀ ਵੱਡਾ ਘੁਟਾਲਾ ਕੀਤਾ ਗਿਆ। ਮੁਹਿੰਮ ਦੇ ਨਾਂ ਤੇ ਪੰਚਾਇਤਾਂ ਤੋਂ ਟੀ-ਸ਼ਰਟਾਂ, ਬੈਂਡ ਅਤੇ ਟੋਪੀਆਂ ਅਤੇ ਬੈਨਰ ਬਣਾਉਣ ਲਈ 15 ਹਜ਼ਾਰ ਰੁਪਏ ਲਏ ਗਏ ਹਨ ਪਰ ਮੁਹਿੰਮ ਦੌਰਾਨ ਇੱਕ ਪਿੰਡ ’ਚ ਵਰਤੇ ਜਾਂਦੇ ਟੀ-ਸ਼ਰਟਾਂ, ਬੈਂਡ ਅਤੇ ਟੋਪੀਆਂ ਅਤੇ ਬੈਨਰ ਹੋਰ ਪਿੰਡ ’ਚ ਲਿਜਾਏ ਜਾਂਦੇ ਹਨ। ਪੰਚਾਇਤ ਵਿਭਾਗ ਦਾ ਇੱਕ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਕੋਟਲੀ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਦੋਵੇਂ ਮਾਮਲਿਆਂ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਆਪ ਸੁਪਰੀਮੋ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹਨ ਕਿ ਉਨ੍ਹਾਂ ਦਾ ਸਭ ਤੋਂ ਵੱਡਾ ਮੁੱਦਾ ਭ੍ਰਿਸ਼ਟਾਚਾਰ ਹੈ, ਉਨ੍ਹਾਂ ਨੂੰ ਪੰਚਾਇਤ ਵਿਭਾਗ ਦੇ ਘੁਟਾਲੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਕੋਟਲੀ ਨੇ ਕਿਹਾ ਕਿ ਜਦੋਂ 2022 ’ਚ ਆਪ ਸਰਕਾਰ ਬਣੀ ਸੀ ਤਾਂ ਖੰਨਾ ਦੇ ਬੀਡੀਪੀਓ ਨੇ ਨਸਰਾਲੀ ਪਿੰਡ ਤੇ ਬੁੱਲੇਪੁਰ ਦੀਆਂ ਪੰਚਾਇਤਾਂ ਦੇ ਲੱਖਾਂ ਰੁਪਏ ਜਾਅਲੀ ਖਾਤਾ ਖੋਲ੍ਹ ਕੇ ਪੈਸੇ ਹੜੱਪੇ ਗਏ। ਉਸ ਸਮੇਂ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਵੱਲੋਂ ਖੁਲਾਸਾ ਕਰਨ ਤੇ ਬੀਡੀਪੀਓ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਹੁਣ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਦੋ ਥਾਵਾਂ ਤੇ ਉਸ ਬੀਡੀਪੀਓ ਨੂੰ ਨਿਯੁਕਤ ਕੀਤਾ ਹੈ ਜਦਕਿ ਘੁਟਾਲੇ ’ਚ ਸ਼ਾਮਲ ਇਕ ਮੁਲਜ਼ਮ ਨੂੰ ਨੰਬਰਦਾਰ ਬਣਾਇਆ ਗਿਆ ਹੈ। ਉਨ੍ਹਾਂ ਸਰਕਾਰ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹੋਏ ਸਬੰਧਤ ਵਿਭਾਗ ਦੇ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਇਸ ਨੂੰ ਪੰਜਾਬ ਦਾ ਮੁੱਦਾ ਬਣਾ ਕੇ ਹਾਈਕਮਾਂਡ ਨਾਲ ਗੱਲ ਕਰ ਕੇ ਇਕ ਮੋਰਚਾ ਖੋਲ੍ਹਿਆ ਜਾਵੇਗਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ, ਚੇਅਰਮੈਨ ਸਤਨਾਮ ਸਿੰਘ ਸੋਨੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਕੌਂਸਲਰ ਅਮਰੀਸ਼ ਕਾਲੀਆ, ਬਲਾਕ ਪ੍ਰਧਾਨ ਰਾਜੀਵ ਰਾਏ ਮਹਿਤਾ, ਬਲਾਕ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ, ਨਰਿੰਦਰ ਬੌਬੀ ਆਦਿ ਮੌਜੂਦ ਸਨ। — ਸੌਂਦ ਨੇ ਵਿਧਾਨ ਸਭਾ ਨੂੰ ਗੁਮਰਾਹ ਕੀਤਾ, ਜਾਂਚ ਲਈ ਬਣੇ ਕਮੇਟੀ ਕੋਟਲੀ ਨੇ ਖੰਨਾ ਦੇ ਬਾਹੋਮਾਜਰਾ ’ਚ ਗੈਰ-ਕਾਨੂੰਨੀ ਸ਼ਰਾਬ ਫੈਕਟਰੀ ਦੇ ਮੁੱਦੇ ਤੇ ਮੰਤਰੀ ਸੌਂਦ ਤੇ ਵੀ ਨਿਸ਼ਾਨਾ ਸਾਧਿਆ ਹੈ। ਕੋਟਲੀ ਨੇ ਕਿਹਾ ਕਿ 2022 ’ਚ ਆਪ ਸਰਕਾਰ ਬਣੀ ਸੀ, ਉਸੇ ਸਮੇਂ ਸਰਕਾਰ ਨੂੰ ਸ਼ਰਾਬ ਫੈਕਟਰੀ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਸੀ। ਸੌਂਦ ਸਾਲ 2025 ’ਚ 2022 ਦੀ ਗੱਲ ਕਰ ਰਿਹਾ ਹੈ। ਚੋਣਾਂ ਸਮੇਂ ਸੋਂਦ ਨੇ ਝੂਠਾ ਪ੍ਰਚਾਰ ਕੀਤਾ ਸੀ ਉਹ ਕਾਂਗਰਸ ਵਿਰੁੱਧ ਲੋਕਾਂ ਨੂੰ ਗੁਮਰਾਹ ਕਰਕੇ ਵਿਧਾਇਕ ਬਣਿਆ ਸੀ। ਉਹ ਹਿੱਕ ਠੋਕ ਕੇ ਆਖਦੇ ਹਨ ਕਿ ਇਸ ਸ਼ਰਾਬ ਫੈਕਟਰੀ ਦੀ ਜਾਂਚ ਮੰਤਰੀ ਸੋਂਦ ਕਰਵਾਉਣ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਕੋਟਲੀ ਨੇ ਕਿਹਾ ਕਿ ਵਿਧਾਨ ਸਭਾ ਸਦਨ ’ਚ ਮੰਤਰੀ ਸੋਂਦ ਨੇ ਨਸ਼ਿਆਂ ਵਿਰੁੱਧ ਮੁਹਿੰਮ ਦੇ ਮੁੱਦੇ ਤੇ ਬੋਲਦੇ ਹੋਏ ਸਾਬਕਾ ਮੁੱਖ ਮੰਤਰੀ ਦੇ ਪੋਤੇ ’ਤੇ ਗ਼ੈਰ-ਕਾਨੂੰਨੀ ਸ਼ਰਾਬ ਫੈਕਟਰੀ ਚਲਾਉਣ ਦਾ ਦੋਸ਼ ਲਗਾ ਸਦਨ ਨੂੰ ਗੁੰਮਰਾਹ ਕੀਤਾ ਹੈ। ਇਹ ਸਾਰਾ ਮਾਮਲਾ ਵਿਰੋਧੀ ਧਿਰ ਦੇ ਨੇਤਾ ਦੇ ਧਿਆਨ ’ਚ ਲਿਆਂਦਾ ਜਾਵੇਗਾ। ਸਪੀਕਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਜੇਕਰ ਸੋਂਦ ਗ਼ੈਰ-ਕਾਨੂੰਨੀ ਸ਼ਰਾਬ ਫੈਕਟਰੀ ਬਾਰੇ ਚਿੰਤਤ ਹਨ ਤਾਂ ਸੱਚਾਈ ਸਾਹਮਣੇ ਲਿਆਉਣ ਲਈ ਵਿਧਾਨ ਸਭਾ ’ਚ ਇੱਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਨਾਲ ਹੀ, ਖੰਨਾ ’ਚ ਸਾਰੀਆਂ ਪਾਰਟੀਆਂ ਦੇ ਆਗੂਆਂ ਦੀ ਇੱਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਜੋ ਜਾਂਚ ਕਰ ਕਰੇ ਤੇ ਸੱਚਾਈ ਲੋਕਾਂ ਦੇ ਸਾਹਮਣੇ ਲਿਆਂਦੀ ਜਾਵੇ।

Related Articles

Leave a Reply

Your email address will not be published. Required fields are marked *

Back to top button