
ਲੁਧਿਆਣਾ, 9 ਮਾਰਚ-ਫੋਕਲ ਪੁਆਇੰਟ ਦੇ ਫੇਜ਼-8 ‘ਚ ਇਕ ਫੈਕਟਰੀ ਦਾ ਲੈਂਟਰ ਡਿੱਗਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ 8 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ’ਚੋਂ 5 ਨੂੰ ਬਚਾ ਲਿਆ ਗਿਆ ਹੈ। ਜ਼ਖਮੀਆਂ ’ਚੋਂ ਇਕ ਫੈਕਟਰੀ ਮਾਲਕ ਦਾ ਰਿਸ਼ਤੇਦਾਰ ਹੈ, ਜੋ ਮੈਨੇਜਰ ਸੀ। ਕੋਹਲੀ ਡਾਇੰਗ ਨਾਂ ਦੀ ਫੈਕਟਰੀ ‘ਚ ਹੋਏ ਹਾਦਸੇ ’ਚ ਜ਼ਖਮੀ ਹੋਏ ਲੋਕਾਂ ਨੂੰ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੇ ਤੁਰੰਤ ਬਾਅਦ ਡੀਸੀ ਜਤਿੰਦਰ ਜੋਰਵਾਲ ਮੌਕੇ ‘ਤੇ ਪਹੁੰਚੇ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਨਾਲ ਹੀ ਸੂਚਨਾ ਮਿਲਣ ’ਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ), ਫਾਇਰ ਬ੍ਰਿਗੇਡ, ਸਿਹਤ ਵਿਭਾਗ ਤੇ ਪੁਲਸ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ। ਖ਼ਬਰ ਲਿਖੇ ਜਾਣ ਤੱਕ ਬਚਾਅ ਕਾਰਜ ਜਾਰੀ ਸਨ ਤੇ ਐੱਨਡੀਆਰਐੱਫ ਦੀ ਟੀਮ ਅਨੁਸਾਰ ਅੰਦਰ 2 ਮਜ਼ਦੂਰ ਜ਼ਿੰਦਾ ਵੇਖੇ ਗਏ ਹਨ ਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ਪੁੱਜੇ ਜ਼ਖਮੀ ਮਜ਼ਦੂਰ ਪਰਗਟ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕੋਹਲੀ ਡਾਇੰਗ ’ਚ ਧਾਗਾ ਡਾਇੰਗ ਦਾ ਕੰਮ ਹੁੰਦਾ ਹੈ। ਫੈਕਟਰੀ ਦੇ ਪਿਛਲੇ ਪਾਸੇ ਸਥਿਤ 2 ਮੰਜ਼ਿਲਾ ਇਮਾਰਤ ਥੱਲੇ ਲੋਹੇ ਦੇ ਐਗਲ ਤੋਂ ਪਿੱਲਰ ਬਣਾਉਣ ਦਾ ਕੰਮ ਚੱਲ ਰਿਹਾ ਸੀ। ਸ਼ਨੀਵਾਰ ਸ਼ਾਮ ਕਰੀਬ ਸਵਾ 5 ਵਜੇ ਅਚਾਨਕ ਸਪੋਰਟ ਡਿੱਗਣ ਕਾਰਨ ਪੂਰੀ ਇਮਾਰਤ ਢਹਿ ਗਈ। ਇਸ ਦੌਰਾਨ ਢਹਿ ਗਈ ਇਮਾਰਤ ਦੇ ਹੇਠਾਂ 7 ਮਜ਼ਦੂਰ ਦੱਬ ਗਏ। ਬਚਾਅ ਮੁਹਿੰਮ ਦੌਰਾਨ 6 ਲੋਕਾਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ’ਚੋਂ ਇਕ ਦੀ ਮੌਤ ਹੋ ਗਈ, ਜਦਕਿ 3 ਨੂੰ ਫੋਰਟਿਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸ ਹਾਦਸੇ ’ਚ ਨੇੜਲੀਆਂ ਫੈਕਟਰੀਆਂ ਦੀਆਂ ਕੰਧਾਂ ਵੀ ਨੁਕਸਾਨੀਆਂ ਗਈਆਂ। ਸ਼ੁਰੂਆਤ ’ਚ ਇਹ ਚਰਚਾ ਸੀ ਕਿ ਇਹ ਹਾਦਸਾ ਬੁਆਇਲਰ ਫਟਣ ਕਾਰਨ ਹੋਇਆ ਹੈ ਪਰ ਨੇੜਲੇ ਫੈਕਟਰੀ ਸੰਚਾਲਕਾਂ ਦਾ ਦਾਅਵਾ ਹੈ ਕਿ ਜੇਕਰ ਬੁਆਇਲਰ ਫਟਦਾ ਤਾਂ ਇਹ ਵੱਡਾ ਹਾਦਸਾ ਹੁੰਦਾ। ਘਟਨਾ ਤੋਂ ਤੁਰੰਤ ਬਾਅਦ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਬਚਾਅ ਕਾਰਜ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਪਹੁੰਚੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੈਡੀਕਲ ਟੀਮਾਂ ਤੇ ਫਾਇਰ ਬ੍ਰਿਗੇਡ ਵਿਭਾਗ ਨੂੰ 24 ਘੰਟੇ ਮੌਕੇ ’ਤੇ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
20 ਸਾਲ ਪੁਰਾਣੀ ਸੀ ਇਮਾਰਤ
ਇਕ ਹਜ਼ਾਰ ਗਜ਼ ’ਚ ਫੈਲੀ ਫੈਕਟਰੀ ਦੀ ਇਮਾਰਤ 20 ਸਾਲ ਪੁਰਾਣੀ ਸੀ ਤੇ ਇਸ ਦੀ ਛੱਤ ਦੇ ਹੇਠਾਂ ਪਿੱਲਰ ਬਣਾ ਕੇ ਇਸ ਨੂੰ ਸਪੋਰਟ ਦੇਣ ਦਾ ਕੰਮ ਦਿੱਤਾ ਗਿਆ ਸੀ। ਘਟਨਾ ਦੇ ਸਮੇਂ ਅੰਦਰ ਲੱਗਭਗ 29 ਕਰਮਚਾਰੀ ਕੰਮ ਕਰ ਰਹੇ ਸਨ, ਕਿਉਂਕਿ ਲੈਂਟਰ ਪਿੱਛਲੇ ਹਿੱਸੇ ’ਚ ਡਿੱਗਿਆ, ਇਸ ਲਈ ਅਗਲੇ ਵਾਲੇ ਹਿੱਸੇ ’ਚ ਕੰਮ ਕਰ ਰਹੇ ਦੇ 22 ਕਰਮਚਾਰੀ ਜਲਦ ਬਾਹਰ ਨਿਕਲ ਆਏ, ਜਦਕਿ ਬਾਕੀ ਅੰਦਰ ਫਸ ਗਏ। ਧਮਾਕੇ ਦੀ ਆਵਾਜ਼ ਨਾਲ ਨੇੜਲੀਆਂ ਫੈਕਟਰੀਆਂ ਦੇ ਲੋਕ ਘਟਨਾ ਸਥਾਨ ਵੱਲ ਭੱਜੇ ਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ।
ਡਿਊਟੀ ਮੈਜਿਸਟ੍ਰੇਟ ਕੀਤਾ ਤਾਇਨਾਤ
ਘਟਨਾ ਤੋਂ ਤੁਰੰਤ ਬਾਅਦ ਡਿਪਟੀ ਕਮਿਸ਼ਨਰ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਡਿਊਟੀ ਮੈਜਿਸਟ੍ਰੇਟ ਤੇ ਨੋਡਲ ਅਧਿਕਾਰੀ ਤਾਇਨਾਤ ਕੀਤੇ। ਇਨ੍ਹਾਂ ’ਚ ਸਬ-ਡਵੀਜ਼ਨਲ ਮੈਜਿਸਟ੍ਰੇਟ ਪੂਰਬੀ ਕਰਮਜੀਤ ਸਿੰਘ, ਨਾਇਬ ਤਹਿਸੀਲਦਾਰ ਉਦਿਤ ਵੋਹਰਾ, ਸਬ-ਡਵੀਜ਼ਨਲ ਮੈਜਿਸਟ੍ਰੇਟ ਬੀਡੀਪੀਓ ਖੰਨਾ ਤੇ ਕਾਰਜਸਾਧਕ ਅਧਿਕਾਰੀ ਖੰਨਾ, ਸਬ-ਡਵੀਜ਼ਨਲ ਮੈਜਿਸਟ੍ਰੇਟ ਪਾਇਲ, ਬੀਡੀਪੀਓ ਦੋਰਾਹਾ, ਕਾਰਜਸਾਧਕ ਅਧਿਕਾਰੀ ਦੋਰਾਹਾ, ਸਬ-ਡਵੀਜ਼ਨਲ ਮੈਜਿਸਟ੍ਰੇਟ ਪੱਛਮੀ ਤੇ ਨਾਇਬ ਤਹਿਸੀਲਦਾਰ ਅੰਮ੍ਰਿਤਪਾਲ ਕੌਰ ਤੇ ਨਾਇਬ ਤਹਿਸੀਲਦਾਰ ਹਰਕੀਰਤ ਸਿੰਘ, ਸਬ-ਡਵੀਜ਼ਨਲ ਮੈਜਿਸਟ੍ਰੇਟ ਤੇ ਤਹਿਸੀਲਦਾਰ ਜਗਰਾਓਂ ਕੇਸੀ ਦੱਤਾ ਤੇ ਨਾਇਬ ਤਹਿਸੀਲਦਾਰ ਕਿਰਨਦੀਪ ਕੌਰ ਸ਼ਾਮਲ ਹਨ।



