Punjab

ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਇਕ ਹੋਰ ਸਾਥੀ ਸੀਆਈਏ ਵੱਲੋਂ ਗ੍ਰਿਫਤਾਰ

ਤਰਨਤਾਰਨ, 27 ਜੁਲਾਈ : ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਵੱਲੋਂ ਸਰਹੱਦ ਪਾਰੋਂ ਡਰੋਨ ਦੀ ਮਦਦ ਨਾਲ ਆਉਣ ਵਾਲੇ ਹਥਿਆਰਾਂ ਦੀ ਤਸਕਰੀ ਕਰਨ ਦੇ ਦੋਸ਼ ਹੇਠ 21 ਜੁਲਾਈ ਨੂੰ ਗ੍ਰਿਫ਼ਤਾਰ ਕੀਤੇ ਦੋ ਜਣਿਆਂ ਦੇ ਤੀਸਰੇ ਸਾਥੀ ਨੂੰ ਜਿੱਥੇ 22 ਜੁਲਾਈ ਨੂੰ ਹੀ ਕਾਬੂ ਕਰ ਲਿਆ ਸੀ। ਉੱਥੇ ਹੀ ਇਸ ਮਡਿਊਲ ਨਾਲ ਜੁੜੇ ਚੌਥੇ ਵਿਅਕਤੀ, ਜਿਸ ਨੇ 50 ਹਜ਼ਾਰ ਰੁਪਏ ਵਿਚ ਪਿਸਤੌਲ ਖਰੀਦਣਾ ਸੀ, ਨੂੰ ਵੀ ਕਾਬੂ ਕਰ ਲਿਆ ਹੈ। ਉਕਤ ਲੋਕਾਂ ਖ਼ਿਲਾਫ਼ ਪਹਿਲਾਂ ਹੀ ਅਸਲ੍ਹਾ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਥਾਣਾ ਖਾਲੜਾ ਵਿਖੇ ਕੇਸ ਦਰਜ ਕੀਤਾ ਜਾ ਚੁੱਕਾ ਹੈ। ਇਸ ਮੌਕੇ ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਸੀਆਈਏ ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਗਿੱਲ ਦੀ ਟੀਮ ਦੇ ਹੱਥ 21 ਜੁਲਾਈ ਨੂੰ ਸੂਚਨਾ ਲੱਗੀ ਸੀ ਕਿ ਅਕਾਸ਼ਦੀਪ ਸਿੰਘ ਕਾਸ਼ੀ ਪੁੱਤਰ ਕੁਲਦੀਪ ਸਿੰਘ ਵਾਸੀ ਡੱਲ ਅਤੇ ਲਵਜੀਤ ਸਿੰਘ ਲਵ ਪੁੱਤਰ ਲਖਵਿੰਦਰ ਸਿੰਘ ਵਾਸੀ ਮਾੜੀਮੇਘਾ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ ਅਤੇ ਇਹ ਡ੍ਰੋਨ ਰਾਹੀਂ ਸਰੱਹਦ ਪਾਰੋਂ ਹਥਿਆਰ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਪਲਾਈ ਕਰਦੇ ਹਨ। ਸੂਚਨਾ ਤਹਿਤ ਆਈ ਟਵੰਟੀ ਕਾਰ ਵਿਚ ਸਵਾਰ ਉਕਤ ਦੋਵਾਂ ਨੂੰ ਮਾੜੀਮੇਘਾ ਪਿੰਡ ਸਪੈਸ਼ਲ ਨਾਕੇਬੰਦੀ ਕਰ ਕੇ ਗ੍ਰਿਫਤਾਰ ਕਰ ਲਿਆ ਅਤੇ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 30 ਬੋਰ ਦਾ ਗਲੌਕ ਪਿਸਤੌਲ, ਇਕ ਮੈਗਜ਼ੀਨ ਅਤੇ 2 ਰੌਂਦ ਬਰਾਮਦ ਹੋਏ। ਉਨ੍ਹਾਂ ਨੂੰ ਤਿੰਨ ਦਿਨ ਦੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਈ ਕਿ ਇਹ ਵਿਅਕਤੀ ਆਪਣੇ ਸਾਥੀ ਚਾਨਣ ਸਿੰਘ ਜੋਬਨ ਪੁੱਤਰ ਸਤਨਾਮ ਸਿੰਘ ਵਾਸੀ ਰਾਜੋਕੇ ਨਾਲ ਮਿਲ ਕੇ ਹਥਿਆਰਾ ਦੀ ਤਸਕਰੀ ਕਰਦੇ ਸਨ ਅਤੇ ਸਰਹੱਦ ਪਾਰੋਂ ਮੰਗਵਾਏ ਹਥਿਆਰਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਪਲਾਈ ਕਰਦੇ ਸਨ। ਇਸ ਖੁਲਾਸੇ ਤੋਂ ਬਾਅਦ ਚਾਨਣ ਸਿੰਘ ਜੋਬਨ ਨੂੰ ਕੇਸ ਵਿਚ ਨਾਮਜ਼ਦ ਕੀਤਾ ਅਤੇ 22 ਜੁਲਾਈ ਨੂੰ ਪਿੰਡ ਲੋਹਕਾ ਤੋਂ ਉਸ ਨੂੰ ਗ੍ਰਿਫ਼ਤਾਰ ਕਰ ਕੇ 32 ਬੋਰ ਦਾ ਕੰਟਰੀਮੇਡ ਪਿਸਤੌਲ, ਮੈਗਜੀਨ ਤੇ ਦੋ ਕਾਰਤੂਸ ਬਰਾਮਦ ਕੀਤੇ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਇਹ ਪਿਸਤੌਲ 50 ਹਜ਼ਾਰ ਰੁਪਏ ਵਿਚ ਆਪਣੇ ਸਾਥੀ ਗੁਰਭੇਜ ਸਿੰਘ ਭੇਜਾ ਪੁੱਤਰ ਗੁਰਦੀਪ ਸਿੰਘ ਵਾਸੀ ਮੱਦਰ ਮੱਥਰਾ ਭਾਗੀ ਨੂੰ ਵੇਚਣਾ ਸੀ। ਐੱਸਪੀ ਨੇ ਦੱਸਿਆ ਕਿ ਗੁਰਭੇਜ ਸਿੰਘ ਭੇਜਾ ਨੂੰ ਵੀ ਇਸ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ। ਜਿਸ ਨੂੰ ਸੀਆਈਏ ਦੀ ਟੀਮ ਨੇ ਉਸ ਦੇ ਪਿੰਡ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਰਿਮਾਂਡ ’ਤੇ ਲਿਆ ਜਾਵੇਗਾ ਤੇ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related Articles

Leave a Reply

Your email address will not be published. Required fields are marked *

Back to top button