
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 2 ਜੂਨ : ਪੰਜਾਬ ’ਚ ਹੁਣ ਕਿਸੇ ਵੀ ਵਾਹਨ ਨੂੰ ਬੁਲੇਟ ਪਰੂਫ ਬਣਵਾਉਣ ਲਈ ਪਹਿਲਾਂ ਐੱਨਓਸੀ ਲੈਣੀ ਪਵੇਗੀ ਤੇ ਇਸ ਲਈ ਵਿਸ਼ੇਸ਼ ਆਰਸੀ ਜਾਂ ਦਸਤਾਵੇਜ਼ ਜਾਰੀ ਕੀਤਾ ਜਾਵੇਗਾ। ਅਧਿਕਾਰੀਆਂ ਅਨੁਸਾਰ ਕਈ ਲੋਕ ਸ਼ੌਂਕ ਲਈ ਆਪਣੇ ਵਾਹਨਾਂ ਨੂੰ ਬੁਲੇਟ ਪਰੂਫ ਕਰਵਾ ਲੈਂਦੇ ਹਨ। ਅਜਿਹੇ ’ਚ ਅਪਰਾਧੀ ਵੀ ਇਸ ਦਾ ਲਾਭ ਉਠਾਉਂਦੇ ਹਨ। ਹੁਣ ਜੋ ਵੀ ਵਿਅਕਤੀ ਆਪਣੇ ਵਾਹਨ ਨੂੰ ਬੁਲੇਟ ਪਰੂਫ ਕਰਵਾਉਣਾ ਚਾਹੇਗਾ, ਪੁਲਿਸ ਦੇਖੇਗੀ ਕਿ ਉਹ ਵਾਹਨ ਨੂੰ ਬੁਲੇਟ ਪਰੂਫ ਕਿਉਂ ਕਰਵਾਉਣਾ ਚਾਹੁੰਦਾ ਹੈ, ਉਸ ਨੂੰ ਕਿਸ ਤੋਂ ਕਿੰਨਾ ਖਤਰਾ ਹੈ ਆਦਿ, ਇਸ ਤੋਂ ਬਾਅਦ ਹੀ ਇਜਾਜ਼ਤ ਦਿੱਤੀ ਜਾਵੇਗੀ। ਹੁਣ ਜੋ ਕੰਪਨੀਆਂ ਵਾਹਨਾਂ ਨੂੰ ਬੁਲੇਟ ਪਰੂਫ ਬਣਾਉਣ ਦਾ ਕੰਮ ਕਰਦੀਆਂ ਹਨ, ਉਨ੍ਹਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਦੇਣੀ ਪਵੇਗੀ ਕਿ ਉਨ੍ਹਾਂ ਨੇ ਕਿਸ ਵਿਅਕਤੀ ਦੇ ਵਾਹਨ ਨੂੰ ਬੁਲੇਟ ਪਰੂਫ ਕੀਤਾ ਹੈ। ਕੀ ਵਾਹਨ ਬੁਲੇਟ ਪਰੂਫ ਕਰਵਾਉਣ ਤੋਂ ਪਹਿਲਾਂ ਉਸ ਨੇ ਸਰਕਾਰੀ ਇਜਾਜ਼ਤ ਦਿਖਾਈ ਸੀ ਜਾਂ ਨਹੀਂ। ਹਾਈ ਕੋਰਟ ਦੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਵਾਹਨਾਂ ਨੂੰ ਬੁਲੇਟ ਪਰੂਫ ਕਰਵਾਉਣ ਲਈ ਨਿਯਮ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ’ਚ ਵੱਖ-ਵੱਖ ਵਿਭਾਗਾਂ ਦੇ ਛੇ ਅਧਿਕਾਰੀਆਂ ਤੇ ਇਕ ਤਕਨੀਕੀ ਮਾਹਰ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਦੀ ਪ੍ਰਧਾਨਗੀ ਗ੍ਰਿਹ ਵਿਭਾਗ ਦੇ ਵਧੀਕ ਸਕੱਤਰ ਕਰਨਗੇ। ਇਸ ’ਚ ਏਡੀਜੀਪੀ ਸਕਿਓਰਿਟੀ, ਏਡੀਜੀਪੀ ਇੰਟੈਲੀਜੈਂਸ, ਟ੍ਰਾਂਸਪੋਰਟ ਵਿਭਾਗ ਤੇ ਉਦਯੋਗ ਵਿਭਾਗ ਦੇ ਸਕੱਤਰ, ਪੰਜਾਬ ਦੇ ਲੀਗਲ ਰਿਮੈਂਬਰੈਂਸ ਨੂੰ ਸ਼ਾਮਲ ਕੀਤਾ ਗਿਆ ਹੈ। ਕਮੇਟੀ ਨਿੱਜੀ ਵਾਹਨਾਂ ਨੂੰ ਬੁਲੇਟ ਪਰੂਫ ਬਣਾਉਣ ਦੀ ਪ੍ਰਕਿਰਿਆ, ਇਸ ਲਈ ਲੁੜੀਂਦੀ ਲਾਈਸੈਂਸਿੰਗ ਤੇ ਤਕਨੀਕੀ ਸੁਰੱਖਿਆ ਮਾਨਕਾਂ ’ਤੇ ਆਪਣੀਆਂ ਸਿਫਾਰਿਸ਼ਾਂ ਤਿਆਰ ਕਰੇਗੀ। ਇਨ੍ਹਾਂ ਸਿਫਾਰਿਸ਼ਾਂ ਨੂੰ ਪੂਰਾ ਕਰਨ ਦਾ ਕੰਮ ਇਕ ਮਹੀਨੇ ’ਚ ਪੂਰਾ ਕੀਤਾ ਜਾਵੇਗਾ। ਸੂਬੇ ’ਚ ਅਜੇ ਤੱਕ ਨਿੱਜੀ ਵਾਹਨਾਂ ਨੂੰ ਬੁਲੇਟ ਪਰੂਫ ਕਰਵਾਉਣ ਦੇ ਕੋਈ ਨਿਯਮ ਨਹੀਂ ਹਨ। ਨਾ ਹੀ ਕਿਸੇ ਤਰ੍ਹਾਂ ਦਾ ਕੋਈ ਡਾਟਾ ਮੌਜੂਦ ਹੈ ਕਿ ਸੂਬੇ ’ਚ ਕਿੰਨੇ ਲੋਕਾਂ ਕੋਲ ਬੁਲੇਟ ਪਰੂਫ ਵਾਹਨ ਹਨ। ਮੌਜੂਦਾ ਸਮੇਂ ’ਚ ਇਨ੍ਹਾਂ ਵਾਹਨਾਂ ਲਈ ਕਿਸੇ ਤਰ੍ਹਾਂ ਦੀ ਵਿਸ਼ੇਸ਼ ਆਰਸੀ ਜਾਂ ਦਸਤਾਵੇਜ਼ ਵੀ ਜਾਰੀ ਨਹੀਂ ਕੀਤਾ ਜਾਂਦਾ। ਸੂਬੇ ’ਚ ਕਈ ਗੈਂਗਸਟਰ ਤੇ ਨਸ਼ਾਂ ਤਸਕਰਾਂ ਨਾਲ ਮੁਕਾਬਲੇ ’ਚ ਬੁਲੇਟ ਪਰੂਫ ਵਾਹਨ ਮਿਲਣ ਤੋਂ ਬਾਅਦ ਚਿੰਤਾ ਵਧ ਗਈ ਹੈ। ਸੂਬੇ ’ਚ ਬੁਲੇਟ ਪਰੂਫ ਵਾਹਨਾਂ ਦੀ ਮਾਡੀਫਿਕੇਸ਼ਨ ਨਾਲ ਸਬੰਧਤ ਕੋਈ ਸਪੱਸ਼ਟ ਨੀਤੀ ਜਾਂ ਨਿਯਮ ਮੌਜੂਦ ਨਹੀਂ ਹਨ।



