
ਤਰਨਤਾਰਨ, 27 ਜੁਲਾਈ : ਤਰਨਤਾਰਨ ਦੇ ਕੱਕਾ ਕੰਡਿਆਲਾ ਬਾਈਪਾਸ ਚੌਕ ਕੋਲ ਰਹਿੰਦੇ ਇਕ ਵਿਅਕਤੀ ਵੱਲੋਂ ਪਤਨੀ ਤੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੇ ਖੁਦਕੁਸ਼ੀ ਨੋਟ ਵਿਚ ਪਤਨੀ ਸਮੇਤ ਸਹੁਰੇ ਪਰਿਵਾਰ ਦੇ ਛੇ ਜਣਿਆਂ ਦਾ ਨਾਂ ਲਿਖਿਆ ਅਤੇ ਫਿਰ ਜ਼ਹਿਰੀਲਾ ਪਦਾਰਥ ਨਿਗਲ ਲਿਆ। ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਛੇ ਲੋਕਾਂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਿਸ ਵਿਚ ਮ੍ਰਿਤਕ ਦੀ ਪਤਨੀ ਵੀ ਸ਼ਾਮਲ ਹੈ। ਮ੍ਰਿਤਕ ਗੁਰਭੇਜ ਸਿੰਘ ਦੇ ਭਰਾ ਗੁਰਸ਼ਰਨ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਗੁਰਭੇਜ ਸਿੰਘ ਤੇ ਉਸ ਦੀ ਪਤਨੀ ਸੰਦੀਪ ਕੌਰ ਦਰਮਿਆਨ ਝਗੜਾ ਚੱਲਦਾ ਰਹਿੰਦਾ ਸੀ ਅਤੇ ਸੰਦੀਪ ਕੌਰ ਅਕਸਰ ਲੜ ਕੇ ਆਪਣੇ ਪੇਕੇ ਘਰ ਚਲੀ ਜਾਂਦੀ ਅਤੇ ਜਾਣ ਸਮੇਂ ਆਪਣੇ ਨਾਲ ਪੈਸੇ ਤੇ ਗਹਿਣੇ ਵੀ ਲੈ ਜਾਂਦੀ। ਜਦੋਂਕਿ ਗੁਰਭੇਜ ਸਿੰਘ ਨੂੰ ਸਹੁਰਾ ਪਰਿਵਾਰ ਮਿਲ ਕੇ ਤੰਗ ਕਰਦਾ ਆ ਰਿਹਾ ਸੀ। ਜਿਸ ਕਾਰਨ ਉਸ ਦੇ ਭਰਾ ਨੇ ਆਪਣੀ ਪਤਨੀ ਸੰਦੀਪ ਕੌਰ, ਸਹੁਰੇ ਗੁਰਮੀਤ ਸਿੰਘ, ਸੱਸ ਸਰਬਜੀਤ ਕੌਰ, ਸਾਲੇ ਜੋਬਨਜੀਤ ਸਿੰਘ, ਸਾਲੀਆਂ ਰਾਜਬੀਰ ਕੌਰ ਅਤੇ ਗੁਰਪ੍ਰੀਤ ਕੌਰ ਵਾਸੀ ਅਖਾਲਗੜ੍ਹ ਢਪੱਈਆਂ ਜ਼ਿਲ੍ਹਾ ਅੰਮ੍ਰਿਤਸਰ ਦੇ ਨਾਮ ਸੁਸਾਈਟ ਨੋਟ ਵਿਚ ਲਿਖੇ ਅਤੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਗੁਰਸ਼ਰਨ ਸਿੰਘ ਦੇ ਬਿਆਨਾਂ ’ਤੇ ਉਕਤ ਸਾਰੇ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।



