
ਕਪੂਰਥਲਾ, 2 ਜੁਲਾਈ : ਪਿੰਡ ਅਹਿਮਦਪੁਰ ਤੋਂ ਅਠੋਲਾ ਤਕ ਚਲ ਰਹੇ ਪੁੱਲ ਬਣਾਉਣ ਦੇ ਕੰਮ ਦੌਰਾਨ ਇੱਕ ਪੁੱਟੇ ਖਡੇ ਵਿੱਚ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਅਚਾਨਕ ਡਿੱਗ ਪਏ, ਜਿਸ ਕਾਰਨ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ, ਜਿੱਥੇ ਮੋਟਰਸਾਈਕਲ ਚਾਲਕ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਦੋਵਾਂ ਦਾ ਇਲਾਜ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਦੀਪ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਇਬਣ ਨੇ ਦੱਸਿਆ ਕਿ ਉਹ ਤਰਖਾਣ ਦਾ ਕੰਮ ਕਰਦੇ ਹਨ ਤੇ ਉਹ ਕੰਮ ਤੋਂ ਬਾਅਦ ਸੁਖਵਿੰਦਰ ਸਿੰਘ ਪੁੱਤਰ ਹਾਕਮ ਸਿੰਘ ਅਤੇ ਆਪਣੇ ਬੇਟੇ ਜੁਝਾਰ ਸਿੰਘ ਨਾਲ ਅਹਿਮਦਪੁਰ ਤੋਂ ਅਠੋਲਾ ਰਾਹੀਂ ਵਾਪਸ ਆ ਰਹੇ ਸਨ, ਜਿੱਥੇ ਪੁੱਲ ਬਣਾਉਣ ਦਾ ਕੰਮ ਚਲ ਰਿਹਾ ਹੈ, ਜਿਸ ਕਾਰਨ ਇੱਕ ਖੱਡਾ ਪੁੱਟਿਆ ਹੋਇਆ ਸੀ। ਇਥੇ ਕੋਈ ਵੀ ਲਾਈਟ ਜਾਂ ਬੈਰੀਕੇਡਿੰਗ ਨਹੀਂ ਲੱਗੀ ਹੋਈ ਸੀ ਅਤੇ ਉਹ ਅਚਾਨਕ ਉਸ ਖੱਡੇ ਵਿੱਚ ਡਿੱਗ ਪਏ, ਜਿਸ ਵਿੱਚ ਉਹ ਤਿੰਨੇ ਜ਼ਖ਼ਮੀ ਹੋ ਗਏ, ਜਿਨਾਂ ਨੂੰ ਬੜੀ ਮੁਸ਼ਕਿਲ ਨਾਲ ਕੱਢ ਕੇ 108 ਐਬੂਲੈਂਸ ਰਾਹੀਂ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ। ਇਥੇ ਡਿਊਟੀ ਡਾਕਟਰ ਆਸ਼ੀਸ਼ ਪਾਲ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਜਦ ਕਿ ਦੋਵਾਂ ਦਾ ਇਲਾਜ ਜਾਰੀ ਹੈ। ਪੀੜਤ ਹਰਦੀਪ ਸਿੰਘ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।



