Punjab

ਰੇਲਵੇ ਸਟੇਸ਼ਨ ’ਤੇ ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆ ਕੇ ਦੋ ਝੁਲਸੇ

ਕਪੂਰਥਲਾ, 25 ਜੁਲਾਈ : ਸਥਾਨਕ ਵਿਰਾਸਤੀ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਦੁਪਹਿਰੇ ਉਸ ਵੇਲੇ ਹਫ਼ੜਾ-ਦਫ਼ੜੀ ਮਚ ਗਈ ਜਦੋਂ ਪੁਲ ’ਤੇ ਆਰਾਮ ਕਰ ਰਿਹਾ ਇਕ ਮਜ਼ਦੂਰ ਤੇ ਸੀਸੀਟੀਵੀ ਕੈਮਰਾ ਲਾ ਰਿਹਾ ਦੂਜਾ ਨੌਜਵਾਨ ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਨੌਜਵਾਨ ਮੌਕੇ ’ਤੇ ਹੀ ਬੇਹੋਸ਼ ਹੋ ਗਏ। ਜਾਣਕਾਰੀ ਅਨੁਸਾਰ ਇਨ੍ਹੀਂ ਦਿਨੀਂ ਸੁਰੱਖਿਆ ਵਧਾਉਣ ਲਈ ਕਪੂਰਥਲਾ ਰੇਲਵੇ ਸਟੇਸ਼ਨ ’ਤੇ ਸੀਸੀਟੀਵੀ ਕੈਮਰੇ ਲਾਉਣ ਦਾ ਕੰਮ ਚੱਲ ਰਿਹਾ ਹੈ। ਇਸ ਸਬੰਧੀ ਦੁਪਹਿਰੇ ਇਕ ਤਕਨੀਕੀ ਕਰਮਚਾਰੀ ਪੁਲ ’ਤੇ ਕੈਮਰਾ ਲਾ ਰਿਹਾ ਸੀ। ਇਸ ਦੌਰਾਨ ਕੈਮਰੇ ਦੀ ਤਾਰ ਲਾਉਂਦੇ ਸਮੇਂ ਇਕ ਤਾਰ ਉਸਦੇ ਹੱਥੋਂ ਫਿਸਲ ਗਈ ਤੇ ਹੇਠਾਂ ਲੰਘਦੀ ਹਾਈ ਵੋਲਟੇਜ ਬਿਜਲੀ ਦੀ ਲਾਈਨ ਨਾਲ ਟਕਰਾਅ ਗਈ। ਉਸੇ ਸਮੇਂ ਪੁਲ ’ਤੇ ਆਰਾਮ ਕਰ ਰਿਹਾ ਇਕ ਮਜ਼ਦੂਰ ਵੀ ਬਿਜਲੀ ਦੇ ਕਰੰਟ ਦੇ ਸੰਪਰਕ ’ਚ ਆ ਗਿਆ। ਘਟਨਾ ਵਾਪਰਦੇ ਹੀ ਉੱਥੇ ਮੌਜੂਦ ਲੋਕਾਂ ਨੇ ਤੁਰੰਤ ਰੇਲਵੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪੁੱਜੇ ਰੇਲਵੇ ਪੁਲਿਸ ਮੁਲਾਜ਼ਮ ਮਨਪ੍ਰੀਤ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਬੇਹੋਸ਼ ਹੋਏ ਮਜ਼ਦੂਰ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ। ਕੈਮਰਾ ਲਾਉਣ ਵਾਲਾ ਨੌਜਵਾਨ ਵੀ ਬਿਜਲੀ ਦੇ ਝਟਕੇ ਕਾਰਨ ਬੇਹੋਸ਼ ਹੋ ਗਿਆ, ਜਿਸਨੂੰ ਉਸਦੇ ਸਾਥੀਆਂ ਨੇ ਇਲਾਜ ਲਈ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ। ਸਿਵਲ ਹਸਪਤਾਲ ’ਚ ਦਾਖਲ ਜ਼ਖਮੀ ਮਜ਼ਦੂਰ ਦੀ ਪਛਾਣ ਨਵੀਨ ਕੁਮਾਰ ਪੁੱਤਰ ਚੰਦਰ ਰਿਸ਼ੀਦੇਵ ਵਾਸੀ ਔਜਲਾ ਫਾਟਕ ਕਪੂਰਥਲਾ ਵਜੋਂ ਹੋਈ ਹੈ। ਡਾਕਟਰਾਂ ਅਨੁਸਾਰ ਨੌਜਵਾਨ ਦੀ ਹਾਲਤ ਸਥਿਰ ਹੈ ਪਰ ਉਸਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਜਦੋਂ ਇਸ ਹਾਦਸੇ ਸਬੰਧੀ ਰੇਲਵੇ ਸਟੇਸ਼ਨ ਸੁਪਰਿੰਟੈਂਡੈਂਟ ਵਿਪਨ ਕੁਮਾਰ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਮੰਨਿਆ ਕਿ ਇਹ ਕੈਮਰਾ ਲਾਉਣ ਵਾਲੇ ਨੌਜਵਾਨ ਦੀ ਲਾਪਰਵਾਹੀ ਦਾ ਨਤੀਜਾ ਹੈ। ਇਸ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਪੁਲਿਸ ਅਧਿਕਾਰੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ ਤੇ ਪੀੜਤ ਦੇ ਬਿਆਨ ਦਰਜ ਕਰਨ ਤੋਂ ਬਾਅਦ ਲੁੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਹਾਦਸੇ ਨੇ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਤਕਨੀਕੀ ਕੰਮ ਦੀ ਸੁਰੱਖਿਆ ਪ੍ਰਣਾਲੀ ’ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਜਦੋਂ 25000 ਹਾਈ ਵੋਲਟੇਜ ਲਾਈਨ ਦੇ ਹੇਠਾਂ ਕੰਮ ਕੀਤਾ ਜਾ ਰਿਹਾ ਸੀ ਤਾਂ ਸੁਰੱਖਿਆ ਉਪਕਰਨ, ਹੈਲਮੇਟ, ਇੰਸੂਲੇਟਡ ਔਜ਼ਾਰ ਅਤੇ ਚਿਤਾਵਨੀ ਬੋਰਡ ਕਿਉਂ ਨਹੀਂ ਲਾਏ ਗਏ? ਕੀ ਠੇਕੇਦਾਰ ਦੁਆਰਾ ਸੁਰੱਖਿਆ ਮਾਪਦੰਡਾਂ ਨੂੰ ਅਣਦੇਖਾ ਕੀਤਾ ਗਿਆ ਸੀ? ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਰੇਲਵੇ ਪ੍ਰਸ਼ਾਸਨ ਇਸ ਮਾਮਲੇ ਦੀ ਸਖ਼ਤ ਜਾਂਚ ਕਰੇ ਤਾਂ ਜੋ ਭਵਿੱਖ ਵਿੱਚ ਅਜਿਹੀ ਲਾਪਰਵਾਹੀ ਦੁਬਾਰਾ ਨਾ ਹੋਵੇ ਤੇ ਰੇਲਵੇ ਅਹਾਤੇ ਵਿੱਚ ਕੰਮ ਕਰਨ ਵਾਲੇ ਕਾਮਿਆਂ ਅਤੇ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਵਿਚ ਤਾਇਨਾਤ ਡਿਊਟੀ ਡਾਕਟਰ ਨੇ ਦੱਸਿਆ ਕਿ ਨਵੀਨ ਕੁਮਾਰ ਦੇ ਸਰੀਰ ਦਾ ਇਕ ਵੱਡਾ ਹਿੱਸਾ ਬਿਜਲੀ ਦੇ ਝਟਕੇ ਕਾਰਨ ਸੜ ਗਿਆ ਹੈ। ਬਿਜਲੀ ਦੇ ਝਟਕੇ ਕਾਰਨ ਉਸ ਦੀਆਂ ਮਾਸਪੇਸ਼ੀਆਂ ਤੇ ਚਮੜੀ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ, ਪਰ ਫਿਲਹਾਲ ਉਹ ਖ਼ਤਰੇ ਤੋਂ ਬਾਹਰ ਹੈ ਤੇ ਉਸਦਾ ਇਲਾਜ ਚੱਲ ਰਿਹਾ ਹੈ।

ਇਮਾਰਤ ਡਿੱਗਣ ਕਾਰਨ ਠੱਪ ਹੋਈ ਬਿਜਲੀ ਸਪਲਾਈ ਮੁੜ ਚਾਲੂ

Related Articles

Leave a Reply

Your email address will not be published. Required fields are marked *

Back to top button