
ਅੰਮ੍ਰਿਤਸਰ, 4 ਅਗਸਤ : ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਤੋਂ ਬਾਅਦ 26 ਜੁਲਾਈ ਨੂੰ ਪੱਤਰ ਦੇ ਕੇ ਸ਼੍ਰੋਮਣੀ ਕਮੇਟੀ ਪਾਸੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜਰਨਲ ਇਜਲਾਸ ਕਰਨ ਦੀ ਜੋ ਮੰਗ ਕੀਤੀ ਸੀ, ਉਸ ਸਬੰਧੀ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਪਾਸੋਂ ਅਗਲੇ ਆਦੇਸ਼ ਦੀ ਮੰਗ ਕੀਤੀ ਹੈ। ਕਿਉਂਕਿ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜਿਆ ਹੈ, ਇਸ ਲਈ ਇਸ ਸਬੰਧੀ ਉਥੋਂ ਹੀ ਆਦੇਸ਼ ਆਉਂਣ ‘ਤੇ ਅਗਲੇਰੀ ਕਾਰਵਾਈ ਕੀਤੀ ਜਾ ਸਕਦੀ ਹੈ। ਪੰਜ ਮੈਂਬਰੀ ਕਮੇਟੀ ਇਸ ਭਰਤੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਦਾ ਹੋਕਾ ਦੇ ਕੇ ਪ੍ਰਚਾਰਦੀ ਰਹੀ ਹੈ, ਜਿਸ ਦਰਮਿਆਨ ਕਮੇਟੀ ਦਾ ਦਾਅਵਾ ਹੈ ਕਿ 15 ਲੱਖ ਦੇ ਕਰੀਬ ਵਰਕਰਾਂ ਦੀ ਭਰਤੀ ਕੀਤੀ ਗਈ ਹੈ। ਇਸ ਤੋਂ ਬਾਅਦ ਕਮੇਟੀ ਵੱਲੋਂ ਡੈਲੀਗੇਟਾਂ ਦੀ ਚੋਣ ਵੀ ਕੀਤੀ ਗਈ ਹੈ, ਜਿਨ੍ਹਾਂ ਦੇ ਜਰਨਲ ਇਜਲਾਸ ਵਿਚ ਪ੍ਰਧਾਨ ਦੀ ਚੋਣ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਹੁਣ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜਣ ਕਾਰਨ ਪ੍ਰਧਾਨ ਦੀ ਚੋਣ ਵੀ ਲਟਕ ਸਕਦੀ ਹੈ। ਇਥੇ ਇਹ ਦਸਣਯੋਗ ਹੈ ਕਿ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਵਿਚ ਵੰਡਿਆ ਨਜਰ ਆ ਰਿਹਾ ਹੈ। ਸੁਖਬੀਰ ਸਿੰਘ ਬਾਦਲ ਧੜੇ ਵੱਲੋਂ ਹੋਏ ਹੁਕਮਨਾਮਾ ਤੋਂ ਬਾਅਦ ਭਰਤੀ ਕਰਕੇ ਪ੍ਰਕ੍ਰਿਆ ਨੂੰ ਪੂਰੀ ਕਰਦਿਆ 12 ਅਪ੍ਰੈਲ ਨੂੰ ਪ੍ਰਧਾਨ ਦੀ ਚੋਣ ਕਰਦਿਆ ਮੁੜ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਲਿਆ ਸੀ। ਦੂਸਰੇ ਪਾਸੇ ਭਰਤੀ ਕਮੇਟੀ ਵਲੋਂ ਬੀਬੀ ਸਤਵੰਤ ਕੌਰ ਦੇ ਰਾਹੀਂ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਵਾਲਾ ਬੇਨਤੀ ਪੱਤਰ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਸੀ, ਜਿਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜ ਦਿੱਤਾ ਹੈ। ਹੁਣ ਭਰਤੀ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਦਾ ਇੰਤਜਾਰ ਕਰਨਾ ਪੈ ਸਕਦਾ ਹੈ। ਉਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਆਪਣੇ ਪਰਿਵਾਰਕ ਮੈਂਬਰ ਦੀ ਹੋਈ ਹਦਸੇ ਵਿਚ ਮੌਤ ਤੋਂ ਬਾਅਦ 10 ਅਗਸਤ ਤੱਕ ਸਾਰੇ ਪੰਥਕ ਰੁਝੇਵੇਂ ਛੱੜ ਕੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਸਮਾਂ ਬਤੀਤ ਕਰ ਰਹੇ ਹਨ। 10 ਅਗਸਤ ਨੂੰ ਭੋਗ ਤੋਂ ਬਾਅਦ ਹੀ ਉਹ ਸਕੱਤਰੇਤ ਵਿਖੇ ਆਉਂਣਗੇ ਅਤੇ ਇਸ ਮਾਮਲੇ ਦੀ ਅਗਲੀ ਕਾਰਵਾਈ ਆਰੰਭ ਕਰਨਗੇ।



