Punjab

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵੱਲੋਂ ਸਰਕਾਰ ਦੇ ਜਬਰ ਦੇ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਵੱਖ-ਵੱਖ ਮੋਰਚਿਆਂ ਵਿਚ ਸ਼ਾਮਿਲ ਸਾਰੀਆਂ ਜਥੇਬੰਦੀਆਂ ਵੱਲੋਂ ਵਿਸ਼ਾਲ ਏਕੇ ਨਾਲ ਅੱਗੇ ਵੱਧਣ ਦਾ ਦਿੱਤਾ ਸੱਦਾ

ਫ਼ਿਰੋਜ਼ਪੁਰ, 28 ਮਾਰਚ (ਜਸਵਿੰਦਰ ਸਿੰਘ ਸੰਧੂ, ਬਾਲਕਿਸ਼ਨ)– ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਕੇਂਦਰ ਸਰਕਾਰ ਦੇ ਇਸ਼ਾਰੇ ਉੱਪਰ ਕਿਸਾਨਾਂ ’ਤੇ ਕੀਤੇ ਜਬਰ ਦੇ ਵਿਰੁੱਧ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਜ਼ਿਲੇ੍ਹ ਦੇ ਕਿਸਾਨਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਫ਼ਿਰੋਜ਼ਪੁਰ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੌਰਾਨ ਕਿਸਾਨ ਆਗੂ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਚੰਡੀਗੜ੍ਹ ਦੇ ਸੱਦੇ ਨੂੰ ਫੇਲ੍ਹ ਕਰਨ ਅਤੇ ਉਸ ਤੋਂ ਬਾਅਦ ਸ਼ੰਭੂ ਅਤੇ ਖੰਨੌਰੀ ਮੋਰਚਿਆਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਧੋਖੇ ਨਾਲ ਗ੍ਰਿਫ਼ਤਾਰ ਕਰਕੇ ਕੀਤੇ ਗਏ ਜ਼ਬਰ ਦੇ ਵਿਰੋਧ ਵਿਚ ਅੱਜ ਐੱਸ.ਕੇ.ਐਮ. ਵਲੋਂ ਸੱਦਾ ਦਿੱਤਾ ਗਿਆ ਸੀ, ਜਿਸ ਵਿਚ ਦੂਜੇ ਮੋਰਚਿਆਂ ਦੀਆਂ ਜਥੇਬੰਦੀਆਂ ਵੀ ਸ਼ਾਮਿਲ ਹੋਈਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਚਾਰਾਂ ਵਿੱਚੋਂ ਇੱਕ ਮੰਗ ਮੰਨਦਿਆਂ ਹੋਇਆਂ ਸਾਰੇ ਕਿਸਾਨ ਆਗੂਆਂ ਨੂੰ ਰਿਹਾਅ ਕਰ ਦਿੱਤਾ, ਬਾਕੀ ਤਿੰਨ ਮੰਗਾਂ ਜਿਨ੍ਹਾਂ ਵਿੱਚ ਸਰਕਾਰੀ ਜ਼ਬਰ ਬੰਦ ਕਰਕੇ ਲੋਕਾਂ ਦਾ ਸੰਘਰਸ਼ ਕਰਨ ਦਾ ਜਮਹੂਰੀ ਹੱਕ ਬਹਾਲ ਕਰਨ, ਉਨ੍ਹਾਂ ਦੇ ਟਰੈਕਟਰ–ਟਰਾਲੀਆਂ ਤੇ ਹੋਰ ਸਾਜੋ–ਸਮਾਨ ਵਾਪਸ ਕਰਨ ਅਤੇ ਕਿਸਾਨਾਂ ਦੇ ਚੋਰੀ ਹੋਏ ਸਮਾਨ ਦੀ ਭਰਪਾਈ ਸਰਕਾਰ ਕਰੇ, ਇਹ ਮੰਗਾਂ ’ਤੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ, ਜੋ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ ਉੱਘੇ ਸਮਾਜਕ ਕਾਰਕੁਨ ਹਿਮਾਂਸ਼ੂ ਕੁਮਾਰ ਤੋਂ ਇਲਾਵਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਅਰਾਈਆਂਵਾਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ, ਬੀਕੇਯੂ ਕਾਦੀਆਂ ਦੇ ਜ਼ਿਲਾ ਪ੍ਰਧਾਨ ਹਰਿੰਦਰ ਸਿੰਘ ਖਹਿਰਾ, ਬੀਕੇਯੂ ਡਾਕੌਦਾ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਬੀਕੇਯੂ ਰਾਜੇਵਾਲ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਮਖੂ, ਕਿਸਾਨ ਬਚਾਓ ਮੋਰਚਾ ਦੇ ਪ੍ਰਧਾਨ ਕਿਰਪਾ ਸਿੰਘ ਨੱਥੂਵਾਲਾ, ਬੀਕੇਯੂ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਹਰਦਿਆਲ ਸਿੰਘ, ਬੀਕੇਯੂ ਪੰਜਾਬ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ, ਬੀਕੇਯੂ ਬਹਿਰਾਮ ਕੇ ਦੇ ਚਮਕੌਰ ਸਿੰਘ ਉਸਮਾਨ ਵਾਲਾ, ਕੌਮੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੁਖਮੰਦਰ ਸਿੰਘ ਬੂਈਆਂ ਵਾਲਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਧਰਮ ਸਿੰਘ ਸਿੱਧੂ, ਬੀਕੇਯੂ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਫਰੀਦੇਵਾਲਾ, ਬੀਕੇਯੂ ਉਗਰਾਹਾਂ ਦੇ ਪ੍ਰਧਾਨ ਮਹਿੰਦਰ ਸਿੰਘ, ਬੀਕੇਯੂ ਡਕੌਂਦਾ ਬੁਰਜਗਿਲ ਦੇ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ, ਬੀਕੇਯੂ ਤੋਤੇਵਾਲ ਦੇ ਪ੍ਰਧਾਨ ਧਰਮ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜੈਲ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਵੱਖ–ਵੱਖ ਮੋਰਚਿਆਂ ਵਿਚ ਸ਼ਾਮਿਲ ਸਾਰੀਆਂ ਜਥੇਬੰਦੀਆਂ ਵਲੋਂ ਵਿਸ਼ਾਲ ਏਕੇ ਨਾਲ ਅੱਗੇ ਵੱਧਣ ਦਾ ਸੱਦਾ ਦਿੱਤਾ ਗਿਆ।

Related Articles

Leave a Reply

Your email address will not be published. Required fields are marked *

Back to top button