
ਫ਼ਿਰੋਜ਼ਪੁਰ, 16 ਜਨਵਰੀ (ਬਾਲ ਕਿਸ਼ਨ)– ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਨਰਸਿੰਗ ਕੇਡਰ ਦੇ ਸਿੱਖਿਆ ਸਬੰਧੀ ਵਿਭਾਗ ਵਿੱਚ ਪ੍ਰਮੋਸ਼ਨ ਸਬੰਧੀ ਡਾਇਰੈਕਟਰ ਹੈਲਥ ਸਰਵਿਸ ਅਧੀਨ ਕੰਮ ਕਰ ਰਹੀਆਂ ਸਟਾਫ ਨਰਸਾਂ ਦੀ ਪ੍ਰਮੋਸ਼ਨ ਨੂੰ ਡਾਇਰੈਕਟੋਰੇਟ ਰਿਸਰਚ ਅਤੇ ਮੈਡੀਕਲ ਸਿੱਖਿਆ ਅਧੀਨ ਮਰਜ ਕਰਨ ਲਈ ਨੀਤੀ ਹੋਂਦ ਵਿੱਚ ਲਿਆਂਦੀ ਗਈ। ਜਿਸ ਦਾ ਡੀਐੱਚਐੱਸ ਅਧੀਨ ਕੰਮ ਕਰ ਰਹੇ ਪੂਰੇ ਨਰਸਿੰਗ ਕੇਡਰ ਵੱਲੋਂ ਡਟਵਾਂ ਵਿਰੋਧ ਕਰਨ ਤੋਂ ਬਾਅਦ ਡਾਇਰੈਕਟਰ ਹੈੱਲਥ ਸਰਵਿਸਜ਼ ਪੰਜਾਬ ਨਾਲ ਅੱਜ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਸਟੇਟ ਨਰਸਿਜ਼ ਐਸੋਸੀਏਸ਼ਨ ਡੀਐੱਚਐੱਸ ਦੇ ਜਨਰਲ ਸੈਕਟਰੀ ਸੁਖਵਿੰਦਰ ਕੌਰ ਮੋਹਾਲੀ ਨੇ ਡਾਇਰੈਕਟਰ ਨਾਲ ਵੱਖ-ਵੱਖ ਨੁਕਤਿਆਂ ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਨਵੀਂ ਨੀਤੀ ਅਨੁਸਾਰ ਕੇਡਰ ਵਿੱਚ ਕੰਮ ਕਰ ਰਹੀਆਂ ਤਕਰੀਬਨ 680 ਸਟਾਫ ਨਰਸਾਂ ਦੀ ਪ੍ਰਮੋਸ਼ਨ ਦੇ ਮੌਕੇ ਖੁੰਝ ਜਾਣਗੇ। ਕਿਉਂਕਿ ਇਸ ਨਵੀਂ ਨੀਤੀ ਅਨੁਸਾਰ ਡਾਇਰੈਕਟੋਰੇਟ ਰਿਸਰਚ ਅਤੇ ਮੈਡੀਕਲ ਸਿੱਖਿਆ ਦੀ ਪ੍ਰਮੋਸ਼ਨ ਦੀ ਵਿਧੀ ਵਿੱਚ ਨਰਸਿੰਗ ਐਜੂਕੇਸ਼ਨ ਵਿੱਚ ਪ੍ਰਮੋਸ਼ਨ ਲਈ ਘੱਟੋ ਘੱਟ ਯੋਗਤਾ ਐੱਮਐੱਸਸੀ ਨਰਸਿੰਗ ਹੈ। ਜਦਕਿ ਇਕ ਸਟਾਫ ਨਰਸ ਜੋ ਕਿ ਬੀਐੱਸਸੀ ਨਰਸਿੰਗ ਕਰਕੇ ਖੇਤਰ ਵਿੱਚ ਕੰਮ ਕਰ ਰਹੀ ਹੈ ਉਸ ਨੂੰ ਨਰਸਿੰਗ ਐਜੂਕੇਸ਼ਨ ਵਿੱਚ ਤਰੱਕੀ ਦਾ ਲਾਭ ਲੈਣ ਦਾ ਮੌਕਾ ਨਹੀਂ ਮਿਲੇਗਾ। ਇਸ ਤੋਂ ਬਿਨ੍ਹਾ ਨਰਸਿੰਗ ਕੇਡਰ ਦੀਆਂ ਜਨਰਲ ਪ੍ਰਮੋਸ਼ਨਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਸੁਖਵਿੰਦਰ ਕੌਰ ਮੋਹਾਲੀ ਨੇ ਦੱਸਿਆ ਕਿ ਪੰਜਾਬ ਦੇ ਹਸਪਤਾਲ਼ਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਜਲਦੀ ਭਰਨ ਬਾਰੇ ਡਾਇਰੈਕਟਰ ਨਾਲ ਗੱਲਬਾਤ ਕੀਤੀ ਗਈ।ਮੀਟਿੰਗ ਦੌਰਾਨ ਪੰਜਾਬ ਸਟੇਟ ਨਰਸਿਜ਼ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਕੌਰ ਕੰਵਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਵਿਭਾਗ ਨਾਲ਼ ਫ਼ੋਨ ਰਾਹੀਂ ਲਗਾਤਾਰ ਸੰਪਰਕ ਵਿੱਚ ਰਹੇ। ਨਰਸਿੰਗ ਕੇਡਰ ਦੇ ਮੁੱਦਿਆਂ ਸਬੰਧੀ ਗੱਲਬਾਤ ਕਰਦਿਆਂ ਡਾਇਰੈਕਟਰ ਹੈੱਲਥ ਸਰਵਿਸਿਸ ਡਾਕਟਰ ਜਸਮਿੰਦਰ ਨੇ ਵਿਸ਼ਵਾਸ ਦਿਵਾਇਆ ਕਿ ਉਹ ਸਰਕਾਰ ਨਾਲ ਗੱਲਬਾਤ ਕਰਕੇ ਕੇਡਰ ਦੀ ਮੰਗ ਨੂੰ ਹੱਲ ਕਰਵਾਉਣਗੇ। ਮੀਟਿੰਗ ਵਿੱਚ ਡਾਇਰੈਕਟਰ ਡਾਕਟਰ ਜਸਮਿੰਦਰ ਤੋਂ ਬਿਨ੍ਹਾ ਸੁਪਰਡੈਂਟ ਸੂਰਜ ਕੁਮਾਰ, ਪੰਜਾਬ ਸਟੇਟ ਨਰਸਿਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਖਵਿੰਦਰ ਕੌਰ ਮੋਹਾਲੀ, ਡਿਪਟੀ ਜਨਰਲ ਸਕੱਤਰ ਮੰਜੂ ਮਹਾਜਨ, ਕੈਸ਼ੀਅਰ ਪਰਮਿੰਦਰ ਕੌਰ ਸਿੱਧੂ ਅਤੇ ਰਵਨੀਤ ਕੌਰ ਆਦਿ ਹਾਜ਼ਰ ਸਨ।



