
ਗੁਰਦਾਸਪੁਰ, 3 ਜਨਵਰੀ : ਸਥਾਨਕ ਝੂਲਨਾ ਮਹਿਲ ਇਲਾਕੇ ’ਚ ਇੱਕ ਸੁਨਿਆਰੇ ਦੇ ਘਰ ’ਚ ਵੱਡੀ ਚੋਰੀ ਦੀ ਸੂਚਨਾ ਮਿਲੀ ਹੈ। ਚੋਰਾਂ ਨੇ ਤਾਲੇ ਤੋੜ ਕੇ ਸੋਨਾ, ਚਾਂਦੀ, ਨਕਦੀ ਤੇ ਇੱਥੋਂ ਤੱਕ ਕਿ ਸੀਸੀਟੀਵੀ ਕੈਮਰੇ ਤੇ ਡੀਵੀਆਰ ਵੀ ਚੋਰੀ ਕਰ ਲਏ। ਪੀੜਤ ਨੇ ਲਗਪਗ 1.35 ਕਰੋੜ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਹੈ। ਥਾਣਾ ਸਿਟੀ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਝੂਲਨਾ ਮਹਿਲ ਵਾਸੀ ਉਮੇਸ਼ ਕੁਮਾਰ ਨੇ ਦੱਸਿਆ ਕਿ ਉਹ ਵੀਰਵਾਰ ਦੁਪਹਿਰ ਨੂੰ ਕਿਸੇ ਜ਼ਰੂਰੀ ਕੰਮ ਲਈ ਲਗਪਗ 12:30 ਵਜੇ ਘਰੋਂ ਨਿਕਲਿਆ ਸੀ। ਜਦੋਂ ਉਹ ਸ਼ਾਮ 7:30 ਵਜੇ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ। ਅੰਦਰ ਜਾਣ ਤੇ ਉਨ੍ਹਾਂ ਨੇ ਦੇਖਿਆ ਕਿ ਤਿਜੌਰੀ ਨੂੰ ਕੱਟਿਆ ਹੋਇਆ ਸੀ ਤੇ ਸੋਨਾ, ਚਾਂਦੀ ਅਤੇ ਲਗਪਗ ਸਾਢੇ ਚਾਰ ਲੱਖ ਦੀ ਨਕਦੀ ਗਾਇਬ ਸੀ। ਚੋਰ ਘਰ ’ਚ ਲੱਗੇ ਸੀਸੀਟੀਵੀ ਕੈਮਰੇ ਤੇ ਡੀਵੀਆਰ ਵੀ ਲੈ ਗਏ। ਪੁਲਿਸ ਦਾ ਮੰਨਣਾ ਹੈ ਕਿ ਇਹ ਕਿਸੇ ਪੇਸ਼ੇਵਰ ਗਿਰੋਹ ਦਾ ਕੰਮ ਹੋ ਸਕਦਾ ਹੈ। ਉਮੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣੀ ਦੁਕਾਨ ਤੇ ਕੰਮ ਸ਼ੁਰੂ ਕੀਤਾ ਹੋਇਆ ਹੈ, ਜਿਸ ਕਾਰਨ ਉਹ ਬਾਹਰ ਨਹੀਂ ਜਾਂਦਾ ਪਰ ਕੱਲ੍ਹ ਉਸ ਨੂੰ ਇਕ ਜ਼ਰੂਰੀ ਕੰਮ ਲਈ ਜਾਣਾ ਪਿਆ। ਵਾਪਸ ਆਉਣ ਤੇ ਜੋ ਉਸ ਨੇ ਦੇਖਿਆ ਉਹ ਹੈਰਾਨ ਕਰਨ ਵਾਲਾ ਸੀ। ਤਿਜੌਰੀ ਕੱਟੀ ਹੋਈ ਸੀ ਤੇ ਸੋਨਾ, ਚਾਂਦੀ ਅਤੇ ਨਕਦੀ ਚੋਰੀ ਹੋ ਗਈ ਸੀ। ਚੋਰ ਆਪਣੇ ਨਾਲ ਸੀਸੀਟੀਵੀ ਕੈਮਰੇ ਤੇ ਡੀਵੀਆਰ ਵੀ ਲੈ ਗਏ। ਉਨ੍ਹਾਂ ਅੰਦਾਜ਼ਾ ਲਗਾਇਆ ਕਿ ਕੁੱਲ ਨੁਕਸਾਨ ਲਗਪਗ 1 ਕਰੋੜ 35 ਲੱਖ ਦਾ ਹੈ, ਜਿਸ ’ਚ ਸੋਨਾ, ਚਾਂਦੀ ਤੇ ਨਕਦੀ ਸ਼ਾਮਲ ਹੈ। ਘਟਨਾ ਦੀ ਜਾਣਕਾਰੀ ਮਿਲਣ ਤੇ ਥਾਣਾ ਸਿਟੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਇਕ ਫਿੰਗਰਪ੍ਰਿੰਟ ਟੀਮ ਨੇ ਘਰ ਦੀ ਪੂਰੀ ਜਾਂਚ ਕੀਤੀ ਤੇ ਸੰਭਾਵੀ ਸੁਰਾਗ ਪ੍ਰਾਪਤ ਕੀਤੇ। ਪੁਲਿਸ ਨੇੜਲੇ ਹੋਰ ਖੇਤਰਾਂ ਤੋਂ ਸੀਸੀਟੀਵੀ ਫੁਟੇਜ ਵੀ ਇਕੱਠੀ ਕਰ ਰਹੀ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰਨ ਲਈ ਇਕ ਵਿਸ਼ੇਸ਼ ਟੀਮ ਬਣਾਈ ਹੈ। ਚੋਰਾਂ ਨੇ ਸੀਸੀਟੀਵੀ ਸਿਸਟਮ ਚੋਰੀ ਕਰ ਕੇ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਪੁਲਿਸ ਹੋਰ ਤਰੀਕਿਆਂ ਨਾਲ ਉਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਥਾਣਾ ਸਿਟੀ ਦੇ ਐੱਸਐੱਚਓ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਗਈ। ਪਰਿਵਾਰ ਕਿਸੇ ਕੰਮ ਲਈ ਜਲੰਧਰ ਗਿਆ ਹੋਇਆ ਸੀ। ਫੋਰੈਂਸਿਕ ਟੀਮ ਨੇ ਵੀ ਘਟਨਾ ਸਥਾਨ ਦਾ ਮੁਆਇਨਾ ਕੀਤਾ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।



