
ਅੰਮ੍ਰਿਤਸਰ, 18 ਅਗਸਤ : ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਹੇਤਮਪੁਰਾ ਦੇ ਜਸਪਾਲ ਸਿੰਘ ਦਾ ਉਸ ਦੀ ਪਤਨੀ ਤੇ ਉਸ ਦੇ ਪ੍ਰੇਮੀ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮੁਲਜ਼ਮ ਸ਼ੁੱਕਰਵਾਰ ਸ਼ਾਮ ਨੂੰ ਕੋਹਾਲੀ ਨਹਿਰ ਨੇੜੇ ਗਏ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਉਨ੍ਹਾਂ ਜਸਪਾਲ ਸਿੰਘ ਦੀ ਲਾਸ਼ ਨੂੰ ਝਾੜੀਆਂ ’ਚ ਸੁੱਟ ਦਿੱਤਾ। ਜਾਂਚ ’ਚ ਸਾਹਮਣੇ ਆਇਆ ਹੈ ਕਿ ਜਸਪਾਲ ਸਿੰਘ ਦੀ ਪਤਨੀ ਅਮਨਜੀਤ ਕੌਰ ਦੇ ਅਜੈ ਸਿੰਘ ਵਾਸੀ ਕੋਹਲਾ ਪਿੰਡ ਨਾਲ ਨਾਜਾਇਜ਼ ਸਬੰਧ ਹਨ। ਫਿਲਹਾਲ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ। ਲੋਪੋਕੇ ਪੁਲਿਸ ਥਾਣੇ ਦੇ ਇੰਚਾਰਜ ਹਿਮਾਂਸ਼ੂ ਭਗਤ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪਿੰਡ ਹੇਤਮਪੁਰਾ ਵਾਸੀ ਜੋਬਨਜੀਤ ਸਿੰਘ ਨੇ ਲੋਪੋਕੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਮਾਂ ਦੀ ਮੌਤ ਹੋ ਗਈ ਹੈ। ਉਸ ਦਾ ਪਿਤਾ ਜਸਪਾਲ ਸਿੰਘ ਇਕ ਮਜ਼ਦੂਰ ਸੀ। ਕੁਝ ਸਾਲ ਪਹਿਲਾਂ ਉਸ ਨੇ ਅਮਨਜੀਤ ਕੌਰ ਨਾਲ ਵਿਆਹ ਕੀਤਾ ਸੀ। ਅਮਨਜੀਤ ਕੌਰ ਹੁਣ ਉਸ ਦੇ ਪਿਤਾ ਜਸਪਾਲ ਸਿੰਘ ਨਾਲ ਘਰ ’ਚ ਰਹਿੰਦੀ ਸੀ। ਇਸ ਦੌਰਾਨ ਉਸ ਦੇ ਪਿਤਾ ਨੂੰ ਪਤਾ ਲੱਗਾ ਕਿ ਅਮਨਜੀਤ ਕੌਰ ਦੇ ਅਜੈ ਸਿੰਘ ਨਾਲ ਨਾਜਾਇਜ਼ ਸਬੰਧ ਹਨ। ਇਸ ਤੋਂ ਬਾਅਦ ਪਿਤਾ ਨੇ ਅਮਨਜੀਤ ਕੌਰ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਦੋਸ਼ੀ ਆਪਣੀਆਂ ਹਰਕਤਾਂ ਤੋਂ ਨਹੀਂ ਬਾਜ਼ ਆ ਰਹੀ ਸੀ। ਇਸ ਨੂੰ ਲੈ ਕੇ ਪਿਤਾ ਦਾ ਅਜੈ ਸਿੰਘ ਨਾਲ ਝਗੜਾ ਵੀ ਹੋਇਆ। ਪੀੜਤਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮਤਰੇਈ ਮਾਂ ਤੇ ਪਿਤਾ ਨੇ ਉਸ ਨੂੰ ਦੱਸਿਆ ਸੀ ਕਿ ਉਹ ਕਿਸੇ ਕੰਮ ਲਈ ਸ਼ਹਿਰ ਜਾ ਰਹੇ ਹਨ। ਦੋਵੇਂ ਮੋਟਰਸਾਈਕਲ ਤੇ ਘਰੋਂ ਨਿਕਲੇ ਸਨ ਪਰ ਲੰਬੇ ਸਮੇਂ ਤੱਕ ਘਰ ਨਹੀਂ ਪਰਤੇ। ਦੋਵੇਂ ਰਾਤ ਨੂੰ ਵਾਪਸ ਨਹੀਂ ਆਏ। ਇਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਥੋੜ੍ਹੇ ਸਮੇਂ ’ਚ ਹੀ ਕੋਹਾਲੀ ਨਹਿਰ ਦੀਆਂ ਝਾੜੀਆਂ ਤੋਂ ਉਸ ਦੇ ਪਿਤਾ ਦੀ ਲਾਸ਼ ਬਰਾਮਦ ਕਰ ਲਈ। ਮ੍ਰਿਤਕ ਦੇ ਸਰੀਰ ਤੇ ਤੇਜ਼ਧਾਰ ਹਥਿਆਰਾਂ ਦੇ ਕਈ ਨਿਸ਼ਾਨ ਸਨ। ਦੋਸ਼ ਹੈ ਕਿ ਮਤਰੇਈ ਮਾਂ ਨੇ ਆਪਣੇ ਪ੍ਰੇਮੀ ਅਜੈ ਸਿੰਘ ਨਾਲ ਮਿਲ ਕੇ ਉਸ ਦੇ ਪਿਤਾ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਇੱਥੇ ਲੁਕਾਉਣ ਲਈ ਸੁੱਟ ਦਿੱਤਾ।



