
ਲੁਧਿਆਣਾ, 17 ਅਕਤੂਬਰ : ਲੁਧਿਆਣਾ ਦੇ ਵਿਧਾਨ ਸਭਾ ਹਲਕਾ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਕੁਮਾਰ ਪਰਾਸ਼ਰ ਪੱਪੀ ਨੇ ਜਨਤਾ ਪਾਰਟੀ ਦੇ ਪ੍ਰਧਾਨ ਨਵਨੀਤ ਚਤੁਰਵੇਦੀ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 2 ’ਚ ਸ਼ਿਕਾਇਤ ਦਰਜ ਕਰਵਾਈ ਹੈ। ਵਿਧਾਇਕ ਨੇ ਦੋਸ਼ ਲਾਇਆ ਹੈ ਕਿ ਚਤੁਰਵੇਦੀ ਨੇ ਰਾਜ ਸਭਾ ਜਿਮਨੀ ਚੋਣ ਲਈ ਨਾਮਜ਼ਦਗੀ ਪੱਤਰਾਂ ’ਚ ਉਨ੍ਹਾਂ ਸਮੇਤ ਕਈ ਵਿਧਾਇਕਾਂ ਦੇ ਜਾਲਸਾਜ਼ੀ ਨਾਲ ਦਸਤਖ਼ਤ ਕੀਤੇ। ਪੁਲਿਸ ਅਨੁਸਾਰ ਚਤੁਰਵੇਦੀ ਵੱਲੋਂ 6 ਅਕਤੂਬਰ ਅਤੇ 13 ਅਕਤੂਬਰ ਨੂੰ ਦੋ ਸੈੱਟ ਨਾਮਜ਼ਦਗੀ ਪੱਤਰ ਦਿੱਤੇ ਗਏ ਸਨ। ਪਹਿਲੇ ਸੈੱਟ ’ਚ 10 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਮ ਬਿਨ੍ਹਾਂ ਮਨਜ਼ੂਰੀ ਸ਼ਾਮਲ ਕੀਤੇ ਗਏ, ਜਦਕਿ ਦੂਜੇ ਸੈੱਟ ’ਚ ਉਨ੍ਹਾਂ ਦੇ ਜਾਲਸਾਜ਼ੀ ਵਾਲੇ ਦਸਤਖ਼ਤ ਵੀ ਲਗਾਏ ਗਏ ਸਨ। ਚੋਣ ਅਧਿਕਾਰੀਆਂ ਨੇ ਜਾਂਚ ਦੌਰਾਨ ਸਾਰੇ ਦਸਤਖ਼ਤ ਨਕਲੀ ਸਾਬਤ ਹੋਣ ’ਤੇ ਚਤੁਰਵੇਦੀ ਦੀ ਨਾਮਜ਼ਦਗੀ ਰੱਦ ਕਰ ਦਿੱਤੀ। ਇਸ ਮਾਮਲੇ ਵਿੱਚ ਪੁਲਿਸ ਨੇ ਉਸ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 318(4), 338, 336(3) ਤੇ 61(2) ਅਧੀਨ ਪਰਚਾ ਦਰਜ ਕੀਤਾ ਹੈ। ਵਿਧਾਇਕ ਪਰਾਸ਼ਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਉਸ ਵੇਲੇ ਪਤਾ ਲੱਗੀ ਜਦੋਂ ਉਨ੍ਹਾਂ ਦੇ ਵਾਟਸਐਪ ’ਤੇ ਰਾਜ ਸਭਾ ਲਈ ਪ੍ਰੋਪੋਜ਼ਰਾਂ ਦੀ ਸੂਚੀ ਨਾਲ ਇੱਕ ਤਸਵੀਰ ਆਈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕਦੇ ਵੀ ਆਪਣਾ ਨਾਮ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਪੁਲਿਸ ਸੂਤਰਾਂ ਅਨੁਸਾਰ ਨਵਨੀਤ ਚਤੁਰਵੇਦੀ ਖ਼ਿਲਾਫ਼ ਪਹਿਲਾਂ ਵੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਅਜਿਹੀਆਂ ਜਾਲਸਾਜ਼ੀਆਂ ਦੇ ਕੇਸ ਦਰਜ ਹਨ। ਵਿਧਾਇਕ ਪਰਾਸ਼ਰ ਨੇ ਇਸ ਨੂੰ ਲੋਕਤੰਤਰ ਨਾਲ ਖਿਲਵਾੜ ਦੱਸਦਿਆਂ ਚਤੁਰਵੇਦੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਰਾਜ ਸਭਾ ਚੋਣ ਦੀ ਪਵਿੱਤਰਤਾ ਬਰਕਰਾਰ ਰਹੇ।



