
ਲੁਧਿਆਣਾ, 17 ਅਕਤੂਬਰ : ਲੁਧਿਆਣਾ ਸੰਘਰਸ਼ ਕਰ ਰਹੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਪੀਜੀ. ਵਿਦਿਆਰਥੀਆਂ ਦੀ ਮਹੀਨਾਵਰ ਸਟਾਈਪੈਂਡ ਦੀ ਮੰਗ ਬਿਲਕੁਲ ਜਾਇਜ਼ ਹੈ। ਇਹ ਪ੍ਰਗਟਾਵਾ ਪਿਛਲੇ 14 ਦਿਨ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀ ਸਾਰ ਲੈਣ ਲਈ ਉਨ੍ਹਾਂ ਦੇ ਧਰਨੇ ਵਾਲੇ ਸਥਾਨ ’ਤੇ ਪੁੱਜੇ ਸਾਬਕਾ ਐੱਮਐੱਲਏ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਕੀਤਾ। ਬੈਂਸ ਨੇ ਸਾਫ ਕਿਹਾ ਕਿ ਪੰਜਾਬ ਸਰਕਾਰ ਨੂੰ ਬਿਨ੍ਹਾਂ ਕਿਸੇ ਸ਼ਰਤ ਦੇ ਤੁਰੰਤ ਸਟਾਈਪੈਂਡ ਜਾਰੀ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ। ਪੀਜੀ ਵਿਦਿਆਰਥੀਆਂ ਨੇ ਬੈਂਸ ਨੂੰ ਦੱਸਿਆ ਕਿ ਪੰਜਾਬ ਦੀ ਇੱਕੋ ਸਰਕਾਰੀ ਵੈਟਰਨਰੀ ਯੂਨੀਵਰਸਿਟੀ ਦੇ ਪੋਸਟਗ੍ਰੈਜੂਏਟ (ਪੀਜੀ.) ਵਿਦਿਆਰਥੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਅੱਜ 14ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਪਰ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਗ ਇਹ ਹੈ ਕਿ ਉਨ੍ਹਾਂ ਨੂੰ ਮਹੀਨਾਵਰ ਸਟਾਈਪੈਂਡ ਦਿੱਤਾ ਜਾਵੇ ਅਤੇ ਮੈਡੀਕਲ ਵਿਦਿਆਰਥੀਆਂ ਦੇ ਸਮਾਨ ਤਨਖਾਹ ਪੈਰਿਟੀ ਲਾਗੂ ਕੀਤੀ ਜਾਵੇ। ਵੈਟਰਨਰੀ ਪੀਜੀ. ਵਿਦਿਆਰਥੀ ਹਰ ਰੋਜ਼ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕਲੀਨੀਕਲ ਡਿਊਟੀਆਂ ਦੇ ਨਾਲ ਨਾਲ 24 ਘੰਟੇ 7 ਦਿਨ ਐਮਰਜੈਂਸੀ ਸੇਵਾਵਾਂ ਦੇ ਰਹੇ ਹਨ ਪਰ ਉਨ੍ਹਾਂ ਦੀ ਇਸ ਸਖ਼ਤ ਮਿਹਨਤ ਦਾ ਕੋਈ ਮੁੱਲ ਨਹੀਂ ਪੈ ਰਿਹਾ। ਇਸਦੇ ਉਲਟ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਪੋਸਟਗ੍ਰੈਜੂਏਟ (ਐਮਡੀ.) ਵਿਦਿਆਰਥੀਆਂ ਨੂੰ 76,000 ਪ੍ਰਤੀ ਮਹੀਨਾ ਸਟਾਈਪੈਂਡ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਦੀ ਇਹ ਮੰਗ ਮੰਨੀ ਨਹੀਂ ਜਾਂਦੀ ਉਹ ਆਪਣਾ ਸ਼ਾਂਤੀਪੂਰਨ ਸੰਘਰਸ਼ ਜਾਰੀ ਰੱਖਣਗੇ। ਬਾਕਸ– -ਖੇਤੀਬਾੜੀ ਵਿਦਿਆਰਥੀ ਐਸੋ. ਨੂੰ ਹਮਾਇਤ ਦੇਣ ਲਈ ਪੀਏਯੂ ਪੁੱਜੇ ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋ. ਦੇ ਆਗੂ ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਪੰਜਾਬ ਵੱਲੋਂ ਖੇਤੀਬਾੜੀ ਵਿਭਾਗ ਅਤੇ ਇਸ ਨਾਲ ਜੁੜੇ ਹੋਰ ਮਹਿਕਮਿਆਂ ਵਿੱਚ ਖਾਲੀਆਂ ਅਸਾਮੀਆਂ ਦੀ ਭਰਤੀ ਦੀ ਮੰਗ ਨੂੰ ਲੈ ਕੇ ਲਗਾਇਆ ਗਿਆ ਧਰਨਾ ਵੀਰਵਾਰ ਨੂੰ 23 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਵਿਦਿਆਰਥੀਆ ਦੇ ਸੰਘਰਸ਼ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ (ਪੀਡੀਐੱਸਏ) ਪੰਜਾਬ ਵੱਲੋਂ ਪ੍ਰਧਾਨ ਡਾ. ਹਰਮਨਦੀਪ ਸਿੰਘ ਘੁੰਮਣ, ਡਾ. ਮਨਜਿੰਦਰ ਸਿੰਘ, ਡਾ. ਰਾਣਾ ਗੁਰਲਵਲੀਨ ਸਿੰਘ ਤੇ ਸਾਥੀ ਧਰਨੇ ’ਚ ਪਹੁੰਚੇ ਤੇ ਵਿਦਿਆਰਥੀਆਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਹਰ ਸਮੇਂ ਨਾਲ ਖੜਨ ਦਾ ਭਰੋਸਾ ਦਿੱਤਾ ਤੇ ਵਿੱਤੀ ਸਹਾਇਤਾ ਵੀ ਦਿੱਤੀ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਅਜੇ ਤੱਕ ਨਾ ਹੀ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਤੇ ਨਾ ਹੀ ਕੋਈ ਅਧਿਕਾਰੀ ਧਰਨੇ ‘ਤੇ ਪਹੁੰਚਿਆ ਹੈ। ਇਸ ਨਾਲ ਸਾਫ਼ ਹੈ ਕਿ ਸਰਕਾਰ ਨੂੰ ਨਾ ਖੇਤੀਬਾੜੀ ਦੀ ਚਿੰਤਾ ਹੈ ਤੇ ਨਾ ਹੀ ਉਨਾਂ ਵਿਦਿਆਰਥੀਆਂ ਦੀ, ਜੋ ਰਾਤਾਂ ਸੜਕਾਂ ‘ਤੇ ਕੱਟ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਸਰਕਾਰ ਖੇਤੀਬਾੜੀ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਕਰਦੀ ਹੈ, ਤਦ ਖੇਤੀਬਾੜੀ ਅਤੇ ਬਾਗਬਾਨੀ ਨਾਲ ਜੁੜੇ ਵਿਭਾਗਾਂ ਵਿੱਚ ਅਸਾਮੀਆਂ ਖਾਲੀ ਪਈਆਂ ਹਨ ਉਨ੍ਹਾਂ ਨੂੰ ਕਿਉਂ ਨਹੀਂ ਭਰਦੀ। ਐਸੋਸੀਏਸ਼ਨ ਨੇ ਕਿਹਾ ਕਿ ਸਰਕਾਰ ਦਾ ਇਹ ਵਤੀਰਾ ਸੂਬੇ ਦੇ ਖੇਤੀਬਾੜੀ ਭਵਿੱਖ ਪ੍ਰਤੀ ਉਸਦੀ ਅਸਲੀ ਸੋਚ ਨੂੰ ਬੇਨਕਾਬ ਕਰਦਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਜੇ ਮੰਗਾਂ ਨਾਂ ਮੰਨੀਆਂ ਤਾਂ ਵਿਦਿਆਰਥੀ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ। ਬਾਕਸ– -ਵੈਟਰਨਰੀ ਇੰਟਰਨਜ਼ ਨੂੰ ਮਿਲੇ ਸਾਬਕਾ ਐੱਮਐੱਲਏ ਸਿਮਰਜੀਤ ਸਿੰਘ ਬੈਂਸ ਵੈਟਰਨਰੀ ਸਟੂਡੈਂਟਸ ਯੂਨੀਅਨ ਵੱਲੋਂ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ 22ਵੇਂ ਦਿਨ ਵੀਰਵਾਰ ਨੂੰ ਸਾਬਕਾ ਐਮਐਲਏ ਸਿਮਰਜੀਤ ਸਿੰਘ ਬੈਂਸ ਵੈਟਰਨਰੀ ਇੰਟਰਨਜ਼ ਨੂੰ ਮਿਲੇ ਅਤੇ ਮੰਗਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਜਿੱਥੇ ਸਰਕਾਰ ਨੂੰ ਗੁਹਾਰ ਲਗਾਈ ਉੱਥੇ ਖੁਦ ਵੀ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਗੱਲਬਾਤ ਕਰਨ ਦੀ ਗੱਲ ਕਹੀ। ਵਿਦਿਆਰਥੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਫ਼ਾਇਨੈਂਸ ਪ੍ਰਿੰਸੀਪਲ ਸਕੱਤਰ ਨਾਲ ਹੋਈ ਮੀਟਿੰਗ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਸਟੂਡੈਂਟਸ ਦੀ ਮੁੱਖ ਮੰਗ ਇੰਟਰਨਜ਼ ਦਾ ਭੱਤਾ 15,000 ਤੋਂ ਵਧਾ ਕੇ 24,310 ਕਰਨ ਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਵਾਂਢੀ ਰਾਜਾਂ ਵਿੱਚ ਇਸ ਤੋਂ ਕਾਫ਼ੀ ਵੱਧ ਭੱਤਾ ਦਿੱਤਾ ਜਾ ਰਿਹਾ ਹੈ। ਸਟੂਡੈਂਟਸ ਨੇ ਇਹ ਵੀ ਜ਼ੋਰ ਦਿੱਤਾ ਕਿ ਇਹ ਭੱਤਾ ਯੂਨੀਵਰਸਿਟੀ ਅਤੇ ਆਈਸੀਏਆਰ. ਵੱਲੋਂ ਸਾਂਝੇ ਤੌਰ ਤੇ ਦਿੱਤਾ ਜਾਂਦਾ ਹੈ, ਜਦਕਿ ਪੰਜਾਬ ਸਰਕਾਰ ਇਸ ਵਿੱਚ ਕੋਈ ਵਿੱਤੀ ਯੋਗਦਾਨ ਨਹੀਂ ਪਾਉਂਦੀ। ਆਪਣੇ ਸ਼ਾਂਤੀਪੂਰਨ ਰਵੱਈਏ ਨੂੰ ਦੁਹਰਾਉਂਦੇ ਹੋਏ, ਯੂਨੀਅਨ ਨੇ ਸਾਕਾਰਾਤਮਕ ਨਤੀਜੇ ਦੀ ਆਸ ਜਤਾਈ ਪਰ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾ ਸਕਦਾ ਹੈ।



