Punjab

ਲੇਬਰ ਕੋਰਟ ’ਚ ਜੱਜ ਦੇ ਕਮਰੇ ਦੀ ਛੱਤ ਦੀ ਸੀਲਿੰਗ ਡਿੱਗੀ, ਕੰਧਾਂ ’ਚ ਕਰੰਟ

ਜਲੰਧਰ, 27 ਅਗਸਤ : ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਸਰਕਾਰੀ ਇਮਾਰਤਾਂ ਵੀ ਹਾਰ ਮੰਨਣ ਲੱਗ ਪਈਆਂ ਹਨ। ਅਦਾਲਤੀ ਕੰਪਲੈਕਸ ’ਚ ਸਥਿਤ ਲੇਬਰ ਕੋਰਟ ਦੀ ਇਮਾਰਤ ਦੀ ਹਾਲਤ ਇੰਨੀ ਮਾੜੀ ਹੈ ਕਿ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਮੰਗਲਵਾਰ ਸਵੇਰੇ ਜੱਜ ਦੇ ਕਮਰੇ ਦੀ ਛੱਤ ਦੀ ਸੀਲਿੰਗ ਟੁੱਟ ਗਈ ਤੇ ਕੁਰਸੀਆਂ ’ਤੇ ਡਿੱਗ ਪਈ। ਹਾਲਾਂਕਿ, ਇਹ ਖੁਸ਼ਕਿਸਮਤੀ ਸੀ ਕਿ ਉਸ ਸਮੇਂ ਕਮਰੇ ’ਚ ਕੋਈ ਨਹੀਂ ਸੀ ਜੇਕਰ ਕੋਈ ਕਮਰੇ ’ਚ ਹੁੰਦਾ ਤਾਂ ਹਾਦਸਾ ਹੋ ਸਕਦਾ ਸੀ। ਲਗਾਤਾਰ ਮੀਂਹ ਪੈਣ ਕਾਰਨ ਲੇਬਰ ਕੋਰਟ ਨੂੰ ਜਾਣ ਵਾਲੀਆਂ ਸੜਕਾਂ ’ਤੇ ਇੰਨਾ ਪਾਣੀ ਇਕੱਠਾ ਹੋ ਗਿਆ ਕਿ ਐਡੀਸ਼ਨਲ ਸੈਸ਼ਨ ਜੱਜ ਦਲਜੀਤ ਸਿੰਘ ਨੂੰ ਪਾਣੀ ’ਚੋਂ ਲੰਘਣਾ ਪਿਆ। ਪਾਣੀ ਸਿਰਫ਼ ਲੇਬਰ ਕੋਰਟ ਦੀਆਂ ਸੜਕਾਂ ਤੱਕ ਹੀ ਸੀਮਤ ਨਹੀਂ ਸੀ, ਸਗੋਂ ਅਦਾਲਤ ਤੋਂ ਇਲਾਵਾ ਕੰਪਿਊਟਰ ਰੂਮ ਤੇ ਰਿਕਾਰਡ ਰੂਮ ਤੱਕ ਵੀ ਪਹੁੰਚ ਗਿਆ। ਸਟਾਫ ਨੂੰ ਕੰਪਿਊਟਰਾਂ, ਯੂਪੀਐੱਸ ਤੇ ਸੀਪੀਯੂ ਨੂੰ ਪਲਾਸਟਿਕ ਦੇ ਲਿਫਾਫਿਆਂ ਨਾਲ ਢੱਕ ਕੇ ਕੰਮ ਕਰਨਾ ਪਿਆ, ਤਾਂ ਜੋ ਉਹ ਖਰਾਬ ਨਾ ਹੋਣ। ਛੱਤਾਂ ਤੋਂ ਪਾਣੀ ਟਪਕਣ ਦੇ ਨਾਲ-ਨਾਲ ਕੰਧਾਂ ’ਚ ਸਲਾਬ ਹੋਣ ਕਾਰਨ ਕਰੰਟ ਆ ਗਿਆ ਤੇ ਤਾਰਾਂ ’ਚੋਂ ਧੂੰਆਂ ਨਿਕਲਣ ਲੱਗ ਪਿਆ, ਜਿਸ ਨੂੰ ਸਟਾਫ਼ ਨੇ ਖੁਦ ਠੀਕ ਕਰ ਲਿਆ ਪਰ ਬਿਜਲੀ ਬੰਦ ਕਰਨ ਤੋਂ ਬਾਅਦ ਵੀ ਕੰਧਾਂ ’ਚ ਕਰੰਟ ਰਿਹਾ। ਕੰਧਾਂ ’ਚ ਕਰੰਟ ਆਉਣ ਕਾਰਨ ਮੁਲਾਜ਼ਮਾਂ ਸਮੇਤ ਆਮ ਲੋਕ ਖ਼ਤਰੇ ’ਚ ਦਿਖਾਈ ਦਿੱਤੇ, ਜਿਸ ਕਾਰਨ ਲੇਬਰ ਕੋਰਟ ’ਚ ਕੰਮ ਕਰਨ ਵਾਲੇ ਸਟਾਫ਼ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੇਬਰ ਕੋਰਟ ’ਚ ਆਏ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਮੀਂਹ ਕਾਰਨ ਲੇਬਰ ਕੋਰਟ ਤੱਕ ਪਹੁੰਚਣਾ ਮੁਸ਼ਕਲ ਸੀ ਪਰ ਅਦਾਲਤ ਪਹੁੰਚਣ ਤੋਂ ਬਾਅਦ ਦਲਦਲ ਦੇ ਅੰਦਰ ਕੰਮ ਕਰਦੇ ਹੋਏ ਸਟਾਫ਼ ਨੂੰ ਆਪਣੀਆਂ ਮੁਸ਼ਕਲਾਂ ਘੱਟ ਮਹਿਸੂਸ ਹੋਣ ਲੱਗੀਆਂ। ਅਦਾਲਤ ’ਚ ਆਏ ਲੋਕਾਂ ਨੇ ਦੱਸਿਆ ਕਿ ਅਦਾਲਤ ਦੇ ਅੰਦਰ ਤੇ ਬਾਹਰ ਹਰ ਪਾਸੇ ਪਾਣੀ ਸੀ, ਕੰਧਾਂ ’ਚ ਸਲਾਬ ਹੋਣ ਕਾਰਨ ਤੇ ਛੱਤਾਂ ਤੋਂ ਪਾਣੀ ਟਪਕਣ ਕਾਰਨ ਕਦੇ ਵੀ ਹਾਦਸਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਮੀਂਹ ’ਚ ਸਟਾਫ਼ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਦਾਲਤ ’ਚ ਖੜ੍ਹੇ ਪਾਣੀ ’ਚ ਮੱਛਰਾਂ ਦੇ ਝੁੰਡ ਘੁੰਮਣ ਲੱਗ ਪੈਣਗੇ, ਜਿਸ ਕਾਰਨ ਡੇਂਗੂ ਤੇ ਹੋਰ ਬਿਮਾਰੀਆਂ ਦਾ ਖ਼ਤਰਾ ਵੀ ਵਧ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button