Punjab

ਦੁਕਾਨਦਾਰ ਦਾ ਸੋਨੇ ਦਾ ਕੜਾ ਉਤਾਰ ਕੇ ਲੈ ਗਏ ਨੌਸਰਬਾਜ਼

ਚਾਰਾ ਖਰੀਦਣ ਆਏ ਨੌਸਰਬਾਜ਼ਾਂ ਨੇ ਜਾਲ 'ਚ ਫਸਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਰੂਪਨਗਰ, 25 ਜੁਲਾਈ : ਕਾਲਜ ਰੋਡ ‘ਤੇ ਇੰਦਰਜੀਤ ਬੁੱਕਸ਼ਾਪ ਸਾਹਮਣੇ ਹਰੇ ਚਾਰੇ ਦੇ ਟਾਲ ‘ਤੇ ਪੱਠੇ ਖ਼ਰੀਦਣ ਬਹਾਨੇ ਆਏ ਨੌਸਰਬਾਜ਼ਾਂ ਨੇ ਟਾਲ ਦੇ ਮਾਲਕ ਨੂੰ ਅਜਿਹੇ ਜਾਲ ’ਚ ਫਸਾਇਆ ਤੇ ਇਕ ਖੇਡ ਖੇਡਦੇ-ਖੇਡਦੇ ਹੋਏ ਉਸ ਦਾ ਸੋਨੇ ਦਾ ਕੜਾ ਉਤਾਰ ਕੇ ਫ਼ਰਾਰ ਹੋ ਗਏ। ਕੜਾ ਤਿੰਨ ਤੋਂ ਚਾਰ ਤੋਲੇ ਦਾ ਦੱਸਿਆ ਜਾ ਰਿਹਾ ਹੈ। ਟਾਲ ਦੇ ਮਾਲਕ ਮਨਮੋਹਨ ਸਿੰਘ ਪੁੱਤਰ ਚਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਚਾਰੇ ਦੇ ਟਾਲ ‘ਤੇ ਬੈਠਾ ਸੀ। ਇਸ ਦੌਰਾਨ ਤਿੰਨ ਲੋਕ ਚਿੱਟੀ ਆਰਟਿਕਾ ਕਾਰ ’ਚ ਆਏ ਅਤੇ ਸੌ ਰੁਪਏ ਦੇ ਚਾਰੇ ਦੀ ਮੰਗ ਕੀਤੀ। ਕੁਝ ਹੀ ਮਿੰਟਾਂ ’ਚ ਦੋ ਲੋਕ ਮੋਟਰਸਾਈਕਲ ‘ਤੇ ਆਏ ਅਤੇ ਉਨ੍ਹਾਂ ਸੌ ਰੁਪਏ ਦਾ ਚਾਰਾ ਮੰਗਿਆ। ਉਨ੍ਹਾਂ ਦੇ ਮਜ਼ਦੂਰਾਂ ਨੇ ਪੱਠੇ ਬੰਨ੍ਹਣੇ ਸ਼ੁਰੂ ਕੀਤੇ। ਇਸ ਦੌਰਾਨ ਮੋਟਰਸਾਈਕਲ ’ਤੇ ਆਏ ਇਕ ਵਿਅਕਤੀ ਅਤੇ ਕਾਰ ’ਚ ਆਏ ਤਿੰਨ ਲੋਕਾਂ ਨੇ ਆਪਸ ’ਚ ਤਿੰਨ ਕਾਲੀ ਤੇ ਇਕ ਲਾਲ ਰੰਗ ਦੀ ਗਿੱਟੀ ਲੈ ਕੇ ਇਕ ਖੇਡ ਖੇਡਣ ਲੱਗ ਪਏ। ਉਨ੍ਹਾਂ ਨੂੰ ਖੇਡ ’ਚ ਰੁੱਝਿਆ ਦੇਖ ਕੇ ਉਨ੍ਹਾਂ ਕੋਈ ਇਤਰਾਜ਼ ਨਹੀਂ ਕੀਤਾ। ਫਿਰ ਉਨ੍ਹਾਂ 500 ਰੁਪਏ ਦਾ ਸੱਟਾ ਲਗਾ ਕੇ ਖੇਡਣਾ ਸ਼ੁਰੂ ਕਰ ਦਿੱਤਾ। ਫਿਰ ਉਨ੍ਹਾਂ ਪੰਜਾਹ ਹਜ਼ਾਰ ਤੱਕ ਦਾ ਸੱਟਾ ਲਗਾਇਆ। ਉਨ੍ਹਾਂ ’ਚੋਂ ਇਕ ਨੇ ਆਪਣਾ ਸੋਨੇ ਦਾ ਕੜਾ ਦਾਅ ‘ਤੇ ਲਗਾ ਦਿੱਤਾ ਅਤੇ ਉਹ ਸੱਟਾ ਜਿੱਤ ਗਿਆ। ਇਸ ਤੋਂ ਬਾਅਦ ਉਨ੍ਹਾਂ ’ਚੋਂ ਇਕ ਵਿਅਕਤੀ ਨੇ ਉਸ ਨੂੰ ਇਹ ਖੇਡ ਖੇਡਣ ਲਈ ਕਿਹਾ। ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਉਸ ਨੂੰ ਆਪਣੇ ਸੋਨੇ ਦੇ ਕੜੇ ਨੂੰ ਆਪਣੇ ਕੜੇ ਨਾਲ ਛੂਹਣ ਲਈ ਕਿਹਾ ਅਤੇ ਉਹ ਉਸ ‘ਤੇ ਇਕ ਸੱਟਾ ਲਗਾਉਣਗੇ। ਜਦੋਂ ਇਕ ਆਦਮੀ ਨੇ ਆਪਣੇ ਸੋਨੇ ਦੇ ਕੜੇ ਨੂੰ ਆਪਣੇ ਕੜੇ ਨਾਲ ਛੂਹਣ ਲਈ ਉਸ ਦਾ ਹੱਥ ਉਸ ਵੱਲ ਖਿੱਚਿਆ, ਤਾਂ ਉਸ ਨੇ ਆਪਣਾ ਹੱਥ ਪਿੱਛੇ ਖਿੱਚ ਲਿਆ। ਇਸੇ ਦੌਰਾਨ ਉਸ ਆਦਮੀ ਨੇ ਆਪਣਾ ਕੜਾ ਉਤਾਰ ਦਿੱਤਾ ਤੇ ਤੁਰੰਤ ਉਸ ਦੇ ਸਾਥੀ ਨੇ ਆਪਣਾ ਮੋਟਰਸਾਈਕਲ ਸਟਾਰਟ ਕੀਤਾ ਤੇ ਉਸ ਨੂੰ ਲੈ ਕੇ ਭੱਜ ਗਿਆ। ਉਸ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਫਿਰ ਕਾਰ ’ਚ ਆਏ ਤਿੰਨ ਲੋਕ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਗਏ। ਉਸ ਨੇ ਕਿਹਾ ਕਿ ਉਹ ਉਸ ਨੂੰ ਫੜਨ ਗਏ ਹਨ। ਬਾਅਦ ’ਚ ਸਮਝ ਆਇਆ ਕਿ ਉਹ ਪੂਰੀ ਸਾਜ਼ਿਸ਼ ਨਾਲ ਆਏ ਸਨ ਤੇ ਉਸ ਦਾ ਕੜਾ ਉਤਾਰ ਕੇ ਭੱਜ ਗਏ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਸਿਟੀ ਰੂਪਨਗਰ ਪੁਲਿਸ ਸਟੇਸ਼ਨ ਦੀ ਇਕ ਟੀਮ ਉੱਥੇ ਪਹੁੰਚੀ ਤੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸੀਸੀਟੀਵੀ ਰਿਕਾਰਡਿੰਗ ਤੋਂ ਪਤਾ ਚੱਲਦਾ ਹੈ ਕਿ ਕਾਰ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਨੇੜੇ ਤੋਂ ਮੁੜੀ ਤੇ ਫਿਰ ਟਾਲ ‘ਤੇ ਵਾਪਸ ਆ ਗਈ।

Related Articles

Leave a Reply

Your email address will not be published. Required fields are marked *

Back to top button