Punjab

ਰਾਹਗੀਰਾਂ ਨੂੰ ਬਚਾਉਂਦਿਆਂ ਪਲਟਿਆ ਸੇਬਾਂ ਨਾਲ ਭਰਿਆ ਟਰੱਕ

ਲੁਧਿਆਣਾ, 27 ਅਗਸਤ : ਮੰਗਲਵਾਰ ਸਵੇਰੇ ਸ਼ੇਰਪੁਰ ਚੌਕ ਫਲਾਈਓਵਰ ਨੇੜੇ ਇਕ ਸੇਬਾਂ ਨਾਲ ਭਰਿਆ ਟਰੱਕ ਪਲਟ ਗਿਆ। ਇਸ ਹਾਦਸੇ ਤੋਂ ਬਾਅਦ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਹਾਈਵੇ ’ਤੇ ਸੇਬਾਂ ਦੀਆਂ ਪੇਟੀਆਂ ਖਿੱਲਰ ਜਾਣ ਕਾਰਨ ਲੰਬਾ ਜਾਮ ਲੱਗ ਗਿਆ। ਰਾਹਗੀਰਾਂ ਨੇ ਤੁਰੰਤ ਟਰੱਕ ’ਚ ਫਸੇ ਡਰਾਈਵਰ ਤੇ ਕੰਡਕਟਰ ਨੂੰ ਬਾਹਰ ਕੱਢਿਆ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਟ੍ਰੈਫਿਕ ਪੁਲਿਸ ਮੌਕੇ ’ਤੇ ਪਹੁੰਚੀ, ਟ੍ਰੈਫਿਕ ਨੂੰ ਸਧਾਰਨ ਕੀਤਾ ਤੇ ਸੇਬਾਂ ਦੀਆਂ ਪੇਟੀਆਂ ਨੂੰ ਸੁਰੱਖਿਅਤ ਥਾਂ ’ਤੇ ਰਖਵਾਇਆ। ਜਾਣਕਾਰੀ ਦਿੰਦੇ ਹੋਏ ਟਰੱਕ ਦੇ ਡਰਾਈਵਰ ਜਾਵੇਦ ਆਲਮ ਨੇ ਕਿਹਾ ਕਿ ਉਹ ਸ੍ਰੀਨਗਰ ਤੋਂ ਸੇਬਾਂ ਨਾਲ ਟਰੱਕ ਭਰ ਕੇ ਮੱਧ ਪ੍ਰਦੇਸ਼ ਡਲਿਵਰੀ ਦੇਣ ਜਾ ਰਿਹਾ ਸੀ। ਸ਼ੇਰਪੁਰ ਚੌਕ ਦੇ ਨੇੜੇ ਅਚਾਨਕ ਦੋ ਲੋਕ ਸਵੇਰੇ ਸੜਕ ਪਾਰ ਕਰ ਰਹੇ ਸਨ। ਉਹ ਦੋਵੇਂ ਲੋਕ ਟਰੱਕ ਦੇ ਸਾਹਮਣੇ ਆ ਗਏ। ਉਨ੍ਹਾਂ ਨੂੰ ਬਚਾਉਣ ਦੇ ਚੱਕਰ ’ਚ ਟਰੱਕ ਡਿਵਾਈਡਰ ਨਾਲ ਟਕਰਾਇਆ ਤੇ ਪਲਟ ਗਿਆ। ਟਰੱਕ ਦੇ ਪਲਟਣ ਕਾਰਨ ਕਾਫੀ ਨੁਕਸਾਨ ਹੋਇਆ। ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਟਰੱਕ ਤੋਂ ਬਾਹਰ ਕੱਢਿਆ ਗਿਆ। ਖੁਸ਼ਕਿਸਮਤੀ ਨਾਲ ਕਿਸੇ ਨੂੰ ਜ਼ਿਆਦਾ ਸੱਟ ਨਹੀਂ ਲੱਗੀ ਪਰ ਸੜਕ ’ਤੇ ਸੇਬਾਂ ਦੀਆਂ ਪੇਟੀਆਂ ਖਿੱਲਰ ਗਈਆਂ। ਕਈ ਸੇਬਾਂ ਦੀਆਂ ਪੇਟੀਆਂ ਖੁੱਲ੍ਹ ਵੀ ਗਈਆਂ। ਲੋਕਾਂ ਨੇ ਖਿੱਲਰੇ ਸੇਬ ਇਕੱਠੇ ਕਰ ਕੇ ਮਦਦ ਕੀਤੀ, ਜਿਨ੍ਹਾਂ ’ਚੋਂ ਕੁਝ ਲੋਕ ਸੇਬਾਂ ਨੂੰ ਲਿਫਾਫਿਆਂ ’ਚ ਭਰ ਕੇ ਲੈ ਗਏ। ਪੁਲਿਸ ਨੂੰ ਜਦੋਂ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਟ੍ਰੈਫਿਕ ਨੂੰ ਸੁਚਾਰੂ ਕੀਤਾ। ਟਰੱਕ ਮਾਲਕ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੇ ਆਉਣ ਦੇ ਬਾਅਦ ਟਰੱਕ ਨੂੰ ਵਰਕਸ਼ਾਪ ਭੇਜਿਆ ਜਾਵੇਗਾ ਤੇ ਮਾਲ ਨੂੰ ਹੋਰ ਵਾਹਨ ’ਚ ਸ਼ਿਫਟ ਕੀਤਾ ਜਾਵੇਗਾ। ਬਾਕਸ– ਜਾਮ ਦੀ ਲੱਗੀ ਲੰਬੀ ਲਾਈਨ, ਟ੍ਰੈਫਿਕ ਨੂੰ ਕੀਤਾ ਗਿਆ ਸ਼ਿਫਟ ਹਾਦਸੇ ਦੇ ਬਾਅਦ ਸੜਕ ’ਤੇ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਫਿਰ ਟ੍ਰੈਫਿਕ ਪੁਲਿਸ ਪਹੁੰਚੀ ਪਰ ਜਾਮ ਖੋਲ੍ਹਣ ’ਚ ਉਨ੍ਹਾਂ ਨੂੰ ਕਾਫੀ ਸਮਾਂ ਲੱਗਾ। ਫਿਰ ਪੁਲਿਸ ਨੇ ਦਿੱਲੀ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਵੀ ਲੁਧਿਆਣਾ ਵੱਲ ਆਉਣ ਵਾਲੀ ਸੜਕ ’ਤੇ ਡਾਇਵਰਟ ਕਰ ਦਿੱਤਾ, ਜਿਸ ਤੋਂ ਬਾਅਦ ਕੁਝ ਰਾਹਤ ਮਿਲੀ ਪਰ ਉਸ ਸੜਕ ’ਤੇ ਵੀ ਜਾਮ ਦੀ ਸਥਿਤੀ ਬਣੀ ਰਹੀ।

Related Articles

Leave a Reply

Your email address will not be published. Required fields are marked *

Back to top button