
ਰੂਪਨਗਰ, 25 ਅਗਸਤ : ਰੂਪਨਗਰ ਪੁਲਿਸ ਨੇ ਨੂਰਪੁਰ ਬੇਦੀ ਨੇੜਲੇ ਪਿੰਡ ਨੋਧੇਮਾਜਰਾ ਵਿਖੇ ਇੱਕ ਔਰਤ ਦੇ ਕੀਤੇ ਗਏ ਕਤਲ ਦੇ ਮਾਮਲੇ ਨੂੰ 36 ਘੰਟੇ ਵਿਚ ਸੁਲਝਾਉਦਿਆ ਦੋਸ਼ੀ ਨੂੰ ਵਾਰਦਾਤ ਵਿਚ ਵਰਤੇ ਗਏ ਹਥਿਆਰ ਸਮੇਤ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕਾ ਦੀ ਭੈਣ ਬਲਵਿੰਦਰ ਕੌਰ ਪੁੱਤਰੀ ਗੁਰਮੁੱਖ ਸਿੰਘ ਵਾਸੀ ਨੋਧੇਮਾਜਰਾ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੂਪਨਗਰ ਦੇ ਬਿਆਨ ਦੇ ਅਧਾਰ ਤੇ ਨਾ ਮਾਲੂਮ ਵਿਅਕਤੀ ਖਿਲਾਫ ਮੁਕੱਦਮਾ ਨੰਬਰ 103 ਮਿਤੀ 22.08.2025 ਅ/ਧ 103 ਬੀਐਨਐਸ. ਥਾਣਾ ਨੂਰਪੁਰ ਬੇਦੀ ਵਿਖੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਕਪਤਾਨ ਪੁਲਿਸ (ਡਿਟੈਕਟਿਵ) ਰੂਪਨਗਰ ਗੁਰਦੀਪ ਸਿੰਘ ਗੋਸਲ ਨੇ ਸੋਮਵਾਰ ਨੂੰ ਰੂਪਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਅਫਸਰ ਥਾਣਾ ਨੂਰਪੁਰ ਬੇਦੀ ਸੁਨੀਲ ਕੁਮਾਰ ਨੇ ਦੌਰਾਨੇ ਤਫਤੀਸ਼ ਅੰਨਾ ਕਤਲ ਹੋਣ ਕਾਰਣ ਖੁਫੀਆ ਤਰੀਕੇ ਅਤੇ ਟੈਕਨੀਕਲ ਤਰੀਕੇ ਨਾਲ ਮੁਕੱਦਮਾ ਉਕਤ ਵਿਚ ਦੋਸ਼ੀ ਦਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਨੋਧੇ ਮਾਜਰਾ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੂਪਨਗਰ ਨੂੰ 36 ਘੰਟਿਆਂ ਦੇ ਅੰਦਰ-ਅੰਦਰ ਦੋਸ਼ੀ ਨੂੰ ਟਰੇਸ ਕਰਕੇ ਨਾਮਜਦ ਕੀਤਾ ਤੇ ਮਿਤੀ 23 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਪਾਸੋਂ ਵਾਰਦਾਤ ਵਿਚ ਵਰਤਿਆ ਹਥਿਆਰ ਕੁਹਾੜੀ ਬਰਾਮਦ ਕਰਵਾ ਲਈ ਗਈ ਹੈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਦੋਸ਼ੀ ਦਵਿੰਦਰ ਸਿੰਘ ਉਕਤ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਮੁਕੱਦਮੇ ਦੀ ਤਫਤੀਸ਼ ਡੂੰਘਾਈ ਨਾਲ ਜਾਰੀ ਹੈ।



