Punjab

ਮੁਕਾਬਲੇ ’ਚ ਹੈਰੋਇਨ ਤਸਕਰ ਨੂੰ ਲੱਗੀ ਗੋਲੀ, ਦੋ ਨਾਬਾਲਗ ਗ੍ਰਿਫ਼ਤਾਰ

ਅੰਮ੍ਰਿਤਸਰ, 4 ਜੂਨ : ਮੰਗਲਵਾਰ ਦੁਪਹਿਰ ਨੂੰ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਅਤੇ ਹੈਰੋਇਨ ਤਸਕਰਾਂ ਵਿਚਕਾਰ ਤਾਰਾਂਵਾਲਾ ਪੁਲ ਨੇੜੇ ਮੁਕਾਬਲਾ ਹੋਇਆ। ਮੁਲਜ਼ਮਾਂ ਨੇ ਨਾਬਾਲਗ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਆਈ ਪੁਲਿਸ ਪਾਰਟੀ ‘ਤੇ ਗੋਲ਼ੀਬਾਰੀ ਕੀਤੀ। ਜਵਾਬੀ ਗੋਲ਼ੀਬਾਰੀ ਵਿਚ ਇਕ ਨਾਬਾਲਗ ਤਸਕਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ ਅੱਧਾ ਕਿਲੋ ਹੈਰੋਇਨ, ਇਕ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ ਹੈ ਅਤੇ ਐਨਡੀਪੀਐਸ ਐਕਟ ਅਤੇ ਕਤਲ ਦੀ ਕੋਸ਼ਿਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇੰਸਪੈਕਟਰ ਸੁਖਬੀਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਦੇ ਦੋ ਤਸਕਰ ਸੁਲਤਾਨਵਿੰਡ ਨਹਿਰ ਤੋਂ ਤਾਰਾਂਵਾਲਾ ਪੁਲ ਵੱਲ ਜਾਂਦੇ ਰਸਤੇ ਵਿਚ ਹੈਰੋਇਨ ਸਪਲਾਈ ਕਰਨ ਆ ਰਹੇ ਹਨ। ਇਸ ਅਧਾਰ ‘ਤੇ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ। ਸ਼ੱਕੀ ਹਾਲਾਤਾਂ ਵਿਚ ਪੈਦਲ ਆਉਂਦੇ ਦੋ ਨੌਜਵਾਨਾਂ ਨੂੰ ਦੇਖ ਕੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਰੁਕਣ ਦੀ ਬਜਾਏ ਮੁਲਜ਼ਮ ਪਿੱਛੇ ਭੱਜਣ ਲੱਗ ਪਏ। ਜਦੋਂ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਇਕ ਨਾਬਾਲਗ ਨੇ ਪਿਸਤੌਲ ਕੱਢੀ ਅਤੇ ਪੁਲਿਸ ਟੀਮ ‘ਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ। ਪਰ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਗੋਲ਼ੀਬਾਰੀ ਵਿਚ ਇਕ ਗੋਲ਼ੀ ਨਾਬਾਲਗ ਤਸਕਰ ਦੀ ਲੱਤ ਵਿੱਚ ਲੱਗੀ ਅਤੇ ਉਹ ਡਿੱਗ ਪਿਆ। ਇਸ ਦੌਰਾਨ ਪੁਲਿਸ ਟੀਮ ਨੇ ਥੋੜ੍ਹੀ ਦੂਰੀ ਤੋਂ ਦੂਜੇ ਮੁਲਜ਼ਮ ਦਾ ਪਿੱਛਾ ਕੀਤਾ ਅਤੇ ਉਸ ਨੂੰ ਫੜ ਲਿਆ। ਜ਼ਖ਼ਮੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਖੇਪ ਕਿਸ ਨੂੰ ਸਪਲਾਈ ਕਰਨ ਆਏ ਸਨ। ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ। ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button