
ਲੁਧਿਆਣਾ, 30 ਜੁਲਾਈ : ਲੁਧਿਆਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਤਹਿਤ ਹੋ ਰਹੀ ਕਾਰਵਾਈ ਦੇ ਚੱਲਦੇ ਨਸ਼ਾ ਤਸਕਰਾਂ ਨੂੰ ਪੰਜਾਬ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਮਹਿਲਾ ਵਿੰਗ ਮਾਲਵਾ ਸੈਂਟਰਲ ਜ਼ੋਨ ਦੀ ਇੰਚਾਰਜ ਅਜਿੰਦਰਪਾਲ ਕੌਰ ਨੇ ਸਥਾਨਕ ਧਰਮਪੁਰਾ ਪਿੰਡ ਮੇਹਰਬਾਨ ’ਚ ਸਰਪੰਚ ਸੁੱਚਾ ਸਿੰਘ ਵੱਲੋਂ ਕਰਵਾਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਅਜਿੰਦਰਪਾਲ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਯਤਨਾਂ ਸਦਕਾ 1 ਅਗਸਤ ਤੋਂ ਸਾਰੇ ਸਰਕਾਰੀ ਸਕੂਲਾਂ ’ਚ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਵਿਸ਼ੇਸ਼ ਪੀਰੀਅਡ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ’ਚ ਪੜ੍ਹਦੇ ਬੱਚੇ ਸਾਡੇ ਸੂਬੇ ਤੇ ਦੇਸ਼ ਦਾ ਉੱਜਵਲ ਭਵਿੱਖ ਹਨ ਤੇ ਨਸ਼ਾ ਤਸਕਰਾਂ ਨੇ ਆਪਣੀ ਕਮਾਈ ਲਈ ਵਿੱਦਿਅਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸੇ ਕਰ ਕੇ ਨੌਜਵਾਨ ਪੀੜ੍ਹੀ ਇਸ ਦੀ ਲਪੇਟ ’ਚ ਆਈ ਪਰ ਪੰਜਾਬ ਸਰਕਾਰ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢਣ ਲਈ ਨਸ਼ਾ ਛੁਡਾਊ ਕੇਂਦਰ ਸ਼ੁਰੂ ਕੀਤੇ ਹਨ। ਵਾਤਾਵਰਣ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਪੰਜਾਬ ਪੁਲਿਸ ਨੇ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ ਇੱਕ ਠੋਸ ਰਣਨੀਤੀ ਬਣਾਈ ਤੇ ਹਜ਼ਾਰਾਂ ਤਸਕਰਾਂ ਨੂੰ ਜੇਲ੍ਹਾਂ ’ਚ ਡੱਕ ਦਿੱਤਾ। ਉਨ੍ਹਾਂ ਕਿਹਾ ਕਿ 1 ਅਗਸਤ ਤੋਂ ਸ਼ੁਰੂ ਹੋਣ ਵਾਲੀ ਸਕੂਲ ਮੁਹਿੰਮ ਇਸ ਮੁਹਿੰਮ ਨੂੰ ਨਵੀਂ ਤਾਕਤ ਤੇ ਦਿਸ਼ਾ ਦੇਵੇਗੀ, ਜੋ ਸਕੂਲੀ ਬੱਚਿਆਂ, ਉਨ੍ਹਾਂ ਦੇ ਪਰਿਵਾਰਾਂ ਤੇ ਇਲਾਕੇ ਦੇ ਲੋਕਾਂ ਰਾਹੀਂ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ’ਚ ਮਦਦ ਕਰੇਗੀ। ਇਸ ਮੌਕੇ ਸ਼੍ਰੀ ਹਿੰਦੂ ਤਖ਼ਤ ਦੇ ਮੁੱਖ ਸੂਬਾ ਪ੍ਰਚਾਰਕ ਵਰੁਣ ਮਹਿਤਾ, ਸਰਪੰਚ ਸੁੱਚਾ ਸਿੰਘ, ਜਗਦੀਸ਼ ਕੁਮਾਰ, ਊਸ਼ਾ, ਰਾਣੀ, ਬਿਮਲਾ ਰਾਣੀ, ਮੰਜੂ ਦੇਵੀ, ਆਸ਼ਾ ਦੇਵੀ, ਸਿਮਰਨ, ਨੀਨਾ ਦੇਵੀ, ਕ੍ਰਿਸ਼ਨਾ ਦੇਵੀ ਤੇ ਹੋਰ ਹਾਜ਼ਰ ਸਨ।



