Punjab

ਲੱਕੀ ਪਟਿਆਲ-ਬੰਬੀਹਾ ਗੈਂਗ ਦੇ ਦੋ ਸ਼ੂਟਰ ਮੁੰਬਈ ਤੋਂ ਕਾਬੂ

ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕਈ ਵਾਰਦਾਤਾਂ ਨੂੰ ਟਾਲਿਆ

ਜਲੰਧਰ, 25 ਅਗਸਤ : ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਐੱਸਬੀਐੱਸ ਨਗਰ ਪੁਲਿਸ ਦੇ ਸਹਿਯੋਗ ਨਾਲ ਲੱਕੀ ਪਟਿਆਲ-ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਤ ਦੋ ਸ਼ੂਟਰਾਂ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਰਣ ਉਰਫ਼ ਕਰਣ ਰੋਡ ਮਜ਼ਾਰਾ (25) ਵਾਸੀ ਰੋਡ ਮਜ਼ਾਰਾ, ਜ਼ਿਲ੍ਹਾ ਹੁਸ਼ਿਆਰਪੁਰ ਤੇ ਜਸਕਰਨਦੀਪ ਸਿੰਘ ਉਰਫ਼ ਕੱਲੂ (23) ਵਾਸੀ ਰਾਮਗੜ੍ਹ ਝੁੰਗੀਆਂ, ਗੜ੍ਹਸ਼ੰਕਰ ਵਜੋਂ ਹੋਈ ਹੈ। 2 ਜੁਲਾਈ 2025 ਨੂੰ ਹਰਦੀਪ ਸਿੰਘ ਉਰਫ਼ ਦੀਪਾ ਕੁਲਪੁਰੀਆ ਨੂੰ ਐੱਸਬੀਐੱਸ ਨਗਰ ਦੇ ਭੋਜੇਵਾਲ ਪਿੰਡ ’ਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਜਾਂਚ ’ਚ ਸਾਹਮਣੇ ਆਇਆ ਕਿ ਇਹ ਕਤਲ ਜਸਕਰਨ ਸਿੰਘ ਉਰਫ਼ ਕੰਨੂ, ਜੋ ਕਿ ਅਮਰੀਕਾ ’ਚ ਰਹਿੰਦਾ ਹੈ ਤੇ ਲੱਕੀ ਪਟਿਆਲ-ਬੰਬੀਹਾ ਗੈਂਗ ਦਾ ਸਾਥੀ ਹੈ, ਦੀ ਮਿਲੀਭੁਗਤ ਨਾਲ ਕੀਤਾ ਗਿਆ ਸੀ। ਏਆਈਜੀ ਕਾਊਂਟਰ ਇੰਟੈਲੀਜੈਂਸ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕਰਣ ਤੇ ਜਸਕਰਣਦੀਪ ਨੇ ਜਸਕਰਨ ਕੰਨੂ ਨਾਲ ਮਿਲ ਕੇ ਰੰਜਿਸ਼ ਕਾਰਨ ਇਹ ਕਤਲ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਨੈੱਟਵਰਕ ਤੇ ਵਿਦੇਸ਼ੀ ਹੈਂਡਲਰਾਂ ਨਾਲ ਸਬੰਧਾਂ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਕਤਲ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਬਣਾਈ ਗਈ ਸੀ। ਸੀਆਈ ਜਲੰਧਰ ਤੇ ਐੱਸਬੀਐੱਸ ਨਗਰ ਪੁਲਿਸ ਨੇ ਤਕਨੀਕੀ ਜਾਂਚ ਰਾਹੀਂ ਮੁੰਬਈ ’ਚ ਦੋਵਾਂ ਮੁਲਜ਼ਮਾਂ ਦੇ ਲੁਕਣ ਦਾ ਪਤਾ ਲਗਾਇਆ। ਏਆਈਜੀ ਕਾਊਂਟਰ ਇੰਟੈਲੀਜੈਂਸ ਜਲੰਧਰ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਮੁੰਬਈ ਪੁਲਿਸ ਦੀ ਮਦਦ ਨਾਲ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਉਨ੍ਹਾਂ ਦੇ ਵਿਦੇਸ਼ੀ ਹੈਂਡਲਰਾਂ ਵੱਲੋਂ ਕਈ ਹੋਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ ਪਰ ਇਸ ਸਮੇਂ ਸਿਰ ਗ੍ਰਿਫ਼ਤਾਰੀ ਨਾਲ ਸੰਭਾਵੀ ਘਟਨਾਵਾਂ ਟਲ਼ ਗਈਆਂ। ਇਸ ਮਾਮਲੇ ’ਚ, ਜ਼ਿਲ੍ਹਾ ਐੱਸਬੀਐੱਸ ਨਗਰ ਦੇ ਥਾਣਾ ਭੋਜੇਵਾਲ ’ਚ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਚੁੱਕਾ ਹੈ।

Related Articles

Leave a Reply

Your email address will not be published. Required fields are marked *

Back to top button