ਦੁਕਾਨ ਤੋਂ ਖਾਣ ਵਾਲੀ ਚੀਜ਼ ਲੈਣ ਗਈ ਮਾਸੂਮ ਨਾਲ ਜਬਰ ਜਨਾਹ
ਪਿੰਡ ਦੇ ਹੀ ਨੌਜਵਾਨ ਨੇ ਦਿੱਤਾ ਸ਼ਰਮਨਾਕ ਵਾਰਦਾਤ ਨੂੰ ਅੰਜਾਮ

ਕਲਾਨੌਰ, 25 ਅਗਸਤ : ਸ਼ਨਿਚਰਵਾਰ ਦੇਰ ਸ਼ਾਮ ਨੂੰ ਬਾਰਡਰ ਕੰਢੇ ਵੱਸੇ ਇੱਕ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਤੋਂ ਖਾਣ ਪੀਣ ਦਾ ਸਾਮਾਨ ਲੈਣ ਗਈ ਇੱਕ ਮਾਸੂਮ ਬੱਚੀ ਨੂੰ ਚੁੱਕ ਕੇ ਉਸ ਨਾਲ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਜਬਰ ਜਨਾਹ ਕਰਨ ਦਾ ਸ਼ਰਮਸ਼ਾਰ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਥਾਣਾ ਕਲਾਨੌਰ ਵੱਲੋਂ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਮਸੀਹ ਆਗੂ ਐੱਸਐੱਮ ਰੰਧਾਵਾ, ਪੀੜਤ ਦੇ ਮਾਪਿਆਂ, ਪਾਸਟਰ ਲਾਭ ਸੋਨਾ, ਮਨਪ੍ਰੀਤ ਹੈਪੀ, ਰਿੰਕੂ ਪ੍ਰਧਾਨ, ਪੂਰਨ ਮਸੀਹ ਸੋਨੂ ਮਸੀਹ, ਪਰਮਜੀਤ, ਮੰਗਾਂ ਮਸੀਹ ਸਾਬਕਾ ਮੈਂਬਰ ਪੰਚਾਇਤ ਆਦਿ ਨੇ ਦੱਸਿਆ ਕਿ ਉਹਨਾਂ ਦੀ ਮਾਸੂਮ ਬੱਚੀ ਜੋ ਪਹਿਲੀ ਜਮਾਤ ਵਿੱਚ ਪੜ੍ਹਦੀ ਹੈ, ਸ਼ਨਿਚਰਵਾਰ ਸ਼ਾਮ ਨੂੰ ਆਪਣੇ ਘਰੋਂ ਕਰਿਆਨੇ ਦੀ ਦੁਕਾਨ ‘ਤੇ ਖਾਣ ਦਾ ਸਾਮਾਨ ਲੈਣ ਵਾਸਤੇ ਗਈ ਸੀ। ਇਸ ਦੌਰਾਨ ਜਦੋਂ ਉਹ ਆਪਣੇ ਘਰ ਪਰਤ ਰਹੀ ਸੀ ਤਾਂ ਰਸਤੇ ਵਿੱਚ ਹੀ ਪਿੰਡ ਦੇ ਇੱਕ ਨੌਜਵਾਨ ਜਿਸ ਦੀ ਉਮਰ 30 ਤੋਂ 32 ਸਾਲ ਹੋਵੇਗੀ, ਉਸ ਨੂੰ ਚੁੱਕ ਕੇ ਝਾੜੀਆਂ ਵਿੱਚ ਲੈ ਗਿਆ ਅਤੇ ਜਿਸ ਦਾ ਪਤਾ ਹੁਣ ਲੱਗਣ ‘ਤੇ ਉਹ ਮੁਲਜ਼ਮ ਦੇ ਘਰ ਵੀ ਗਏ ਜਿੱਥੇ ਮੁਲਜ਼ਮ ਦੇ ਪਰਿਵਾਰਿਕ ਜੀਆਂ ਨੂੰ ਗੋਲ਼ੀ ਮਾਰਨ ਦੀ ਧਮਕੀ ਦਿੱਤੀ। ਉਹਨਾਂ ਦੱਸਿਆ ਕਿ ਇਸ ਸ਼ਰਮਸਾਰ ਘਟਨਾ ਤੋਂ ਬਾਅਦ ਉਨਾਂ ਪੁਲਿਸ ਥਾਣਾ ਕਲਾਨੌਰ ਨੂੰ ਇਸ ਸਬੰਧੀ ਜਾਣੂ ਕਰਵਾਇਆ ਗਿਆ ਹੈ। ਇਸ ਮੌਕੇ ‘ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਸੂਮ ਬੱਚੀ ਨਾਲ ਘਿਨਾਉਣੀ ਹਰਕਤ ਕਰਨ ਵਾਲੇ ਦੋਸ਼ੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਪੁਲਿਸ ਥਾਣਾ ਕਲਾਨੌਰ ਦੇ ਐੱਸਐੱਚਓ ਅੰਮ੍ਰਿਤ ਰੰਧਾਵਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨਹਿੱਤ ਹੈ ਅਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਪੀੜਤ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।



