ਕਿਸਾਨ–ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਸਰਕਾਰ ਦੇ ਨਾਂਅ ਸੌਂਪਿਆ ਮੰਗ ਪੱਤਰ
ਮਾਮਲਾ– ਭਾਰਤ ਮਾਲਾ ਪ੍ਰੋਜੈਕਟ ਤਹਿਤ ਕਿਸਾਨਾਂ ਦੀਆਂ ਧੱਕੇ ਨਾਲ ਖੋਹੀਆਂ ਜਾ ਰਹੀਆਂ ਜ਼ਮੀਨਾਂ ਦੇ ਵਿਰੋਧ ’ਚ
ਫ਼ਿਰੋਜ਼ਪੁਰ, 17 ਮਾਰਚ- (ਜਸਵਿੰਦਰ ਸਿੰਘ ਸੰਧੂ, ਬਾਲਕਿਸ਼ਨ)– ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਨੇ ਡੀ.ਸੀ ਫਿਰੋਜ਼ਪੁਰ ਦੀਪ ਸ਼ਿਖਾ ਸਰਮਾ ਨੂੰ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਜ਼ਿਲ੍ਹਾ ਸਕੱਤਰ ਡਾ. ਗੁਰਮੇਲ ਸਿੰਘ ਫੱਤੇਵਾਲਾ ਦੀ ਅਗਵਾਈ ਵਿੱਚ ਕਿਸਾਨ ਵਫਦ ਨੇ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੌਪਿਆ। ਇਹ ਮੰਗ ਪੱਤਰ ਭਾਰਤ ਮਾਲਾ ਪ੍ਰੋਜੈਕਟ ਤਹਿਤ ਪੂਰੇ ਪੰਜਾਬ ਵਿੱਚ ਕਿਸਾਨਾਂ ਦੀਆਂ ਧੱਕੇ ਨਾਲ ਜ਼ਮੀਨਾਂ ਖੋਹਣ ਦੇ ਵਿਰੋਧ ’ਚ ਤੇ ਡੀ.ਸੀ ਦਫ਼ਤਰ ਗੁਰਦਾਸਪੁਰ ਅੱਗੇ ਅੱਜ ਤੋ ਲੱਗ ਰਹੇ ਪੱਕੇ ਮੋਰਚੇ ਦੀ ਹਮਾਇਤ ਵਿੱਚ ਦਿੱਤਾ ਗਿਆ ਹੈ, ਜੋ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਪਿੰਡ ਭਰਥ ਤੇ ਹੋਰ ਪਿੰਡਾਂ ਵਿੱਚ ਜਬਰੀ ਜ਼ਮੀਨਾਂ ਦਾ ਕਬਜ਼ਾ ਲੈਣ ਆਈ ਪੁਲਿਸ ਕਿਸਾਨਾਂ ਤੇ ਲਾਠੀ ਚਾਰਜ ਕਰਕੇ ਕਿਸਾਨਾਂ ਨੂੰ ਜ਼ਖਮੀ ਕੀਤਾ ਗਿਆ। ਜੋ ਅੱਤ ਨਿੰਦਣਯੋਗ ਵਰਤਾਰਾ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀਆਂ ਮੰਗਾਂ ਜਿਵੇਂ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਅਧੀਨ ਗੈਰ ਕਾਨੂੰਨੀ ਢੰਗ ਨਾਲ ਐਕਵਾਇਰ ਕੀਤੀ ਜ਼ਮੀਨ ਦਾ ਨੋਟੀਫਿਕੇਸ਼ਨ ਰੱਦ ਕਰਕੇ ਭੂੰਮੀ ਗ੍ਰਹਿਣ ਐਕਟ 2013 ਅਨੁਸਾਰ 70 ਪ੍ਰਤੀਸ਼ਤ ਪਿੰਡਾਂ ਦੇ ਲੋਕਾਂ ਦੀ ਸਹਿਮਤੀ ਲੈਣ ਮਜ਼ਦੂਰਾਂ, ਦੁਕਾਨਦਾਰਾਂ, ਵਾਤਾਵਰਨ ਤੇ ਹੋਰ ਪੈਣ ਵਾਲੇ ਪ੍ਰਭਾਵਾਂ ਦਾ ਹੱਲ ਕੱਢਕੇ ਬਜ਼ਾਰੀ ਰੇਟ ਨਾਲੋ 4 ਗੁਣਾਂ ਤੇ ਇਸ ’ਤੇ 30 ਪ੍ਰਤੀਸ਼ਤ ਉਜਾੜਾ ਭੱਤਾ ਦੇ ਕੇ ਜ਼ਮੀਨ ਲਈ ਜਾਵੇ ਤੇ ਇਨ੍ਹਾਂ ਮੱਦਾਂ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇ। 11 ਮਾਰਚ ਨੂੰ ਤਹਿਸੀਲ ਬਟਾਲਾ ਦੇ ਪਿੰਡ ਭਰਥ ਤੇ ਨੰਗਲ ਦੇ ਕਿਸਾਨਾਂ ਦੀ ਬਿਨਾਂ ਮੁਆਵਜ਼ਾ ਦਿੱਤੇ ਕਣਕ ਦੀ ਫ਼ਸਲ ਵਾਹੁਣ ਤੇ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਉਤੇ ਲਾਠੀਚਾਰਜ ਕਰਕੇ 7 ਕਿਸਾਨਾਂ ਨੂੰ ਜ਼ਖ਼ਮੀ ਕਰਨ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਉਤੇ ਸਖ਼ਤ ਕਾਰਵਾਈ ਕੀਤੀ ਜਾਵੇ। ਚੱਲ ਰਹੇ ਦੇਸ਼ ਵਿਆਪੀ ਅੰਦੋਲਨ ਦੌਰਾਨ ਸ਼ੰਭੂ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨ ਸੁਖਵਿੰਦਰ ਸਿੰਘ ਪਿੰਡ ਰੰਘੜ ਨੰਗਲ ਤਹਿਸ਼ੀਲ ਬਟਾਲਾ ਤੇ ਸ਼ਹੀਦ ਹਰਜਿੰਦਰ ਸਿੰਘ ਪਿੰਡ ਵਰਸੋਲਾ ਤਹਿਸ਼ੀਲ ਜ਼ਿਲ੍ਹਾ ਗੁਰਦਾਸਪੁਰ ਦੇ ਪਰਿਵਾਰ ਨੂੰ ਮੰਨੀ ਹੋਈ ਮੰਗ ਮੁਤਾਬਕ 5 ਲੱਖ ਦਾ ਮੁਆਵਜ਼ਾ ਤੇ ਪਰਿਵਾਰ ਦੇ 1 ਮੈਂਬਰ ਨੂੰ ਸਰਕਾਰੀ ਨੌਕਰੀ ਤੇ ਉਨ੍ਹਾਂ ਦਾ ਸਮੁੱਚਾ ਕਰਜ਼ਾ ਪੰਜਾਬ ਸਰਕਾਰ ਦੇਵੇ। ਗੁਰਦਾਸਪੁਰ ਜ਼ਿਲ੍ਹੇ ਸਮੇਤ ਪੰਜਾਬ ਭਰ ਵਿੱਚ ਨਿੱਜੀ ਤੇ ਸਰਕਾਰੀ ਗੰਨਾ ਮਿੱਲਾਂ, ਗੰਨਾ ਐਕਟ ਅਨੁਸਾਰ 14 ਦਿਨਾਂ ਬਾਅਦ ਪੇਮੈਂਟ ਕਰਨ ਤੋਂ ਲੇਟ ਹੋਣ ਤੇ ਹਾਈਕੋਰਟ ਦੇ ਫ਼ੈਸਲੇ ਅਨੁਸਾਰ 15 ਪ੍ਰਤੀਸ਼ਤ ਵਿਆਜ਼ ਦਿੱਤਾ ਜਾਵੇ, ਪੰਜਾਬ ਸਰਕਾਰ ਗੰਨੇ ਦਾ 61-50 ਪੈਸੇ ਪ੍ਰਤੀ ਕੁਇੰਟਲ ਬਣਦੀ ਰਾਸ਼ੀ ਤਰੁੰਤ ਗੰਨਾ ਮਿੱਲਾਂ ਨੂੰ ਜਾਰੀ ਕੀਤੀ ਜਾਵੇ। ਆਗੂਆਂ ਦੱਸਿਆ ਕਿ ਇਸੇ ਤਰ੍ਹਾਂ ਫਿਰੋਜ਼ਪੁਰ ਬਾਈ ਪਾਸ ਸੋਢੇਵਾਲਾ ਤੋਂ ਝੋਕ ਹਰੀਹਰ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤੇ ਬਗੈਰ ਪ੍ਰਸ਼ਾਸਨ ਕਿਸਾਨਾਂ ਤੇ ਦਬਾਅ ਪਾ ਰਿਹਾ ਹੈ। ਜੋ ਜਥੇਬੰਦੀ ਕਿਸਾਨਾਂ ਨਾਲ ਧੱਕੇ ਸ਼ਾਹੀ ਨਹੀਂ ਹੋਣ ਦੇਵੇਗੀ। ਇਸ ਮਸਲੇ ’ਤੇ ਵੀ ਅੱਜ ਮੰਗ ਪੱਤਰ ਸੌਂਪਿਆ ਗਿਆ ਹੈ। ਇਸ ਮੌਕੇ ਰਣਜੀਤ ਸਿੰਘ ਖੱਚਰ ਵਾਲਾ, ਜੋਨ ਪ੍ਰਧਾਨ ਫਿਰੋਜ਼ਪੁਰ ਗੁਰਮੇਲ ਸਿੰਘ ਜੀਆ ਬੱਗਾ, ਹਰਪਾਲ ਸਿੰਘ ਆਸਲ ਤੇ ਹੋਰ ਵੀ ਆਗੂ ਹਾਜ਼ਰ ਸਨ।



