
ਕੋਟਕਪੂਰਾ, 24 ਅਗਸਤ : ਸਥਾਨਕ ਸ਼ਹਿਰ ਦੇ ਜੈਤੋ ਰੋਡ ਤੇ ਸਥਿਤ ਨਿੱਜੀ ਹਸਪਤਾਲ ਵਿੱਚ ਮਾਮੂਲੀ ਕਹਾ-ਸੁਣੀ ਤੋਂ ਬਾਅਦ ਕੁੱਝ ਵਿਅਕਤੀਆਂ ਵੱਲੋਂ ਹਸਪਤਾਲ ਦੇ ਸਟਾਫ ਨਾਲ ਕਥਿਤ ਕੁੱਟਮਾਰ ਕੀਤੀ ਗਈ, ਜਿਸ ਕਾਰਨ ਹਸਪਤਾਲ ਦੇ ਸਟਾਫ ਦੇ ਦੋ ਮੈਂਬਰ ਜ਼ਖ਼ਮੀ ਹੋ ਗਏ। ਇਸ ਸਬੰਧ ਵਿਚ ਥਾਣਾ ਸਿਟੀ ਪੁਲਸ ਕੋਟਕਪੂਰਾ ਵੱਲੋਂ ਜ਼ਖ਼ਮੀ ਵਿਅਕਤੀ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਜ਼ਖ਼ਮੀ ਵਿਅਕਤੀਆਂ ਨੇ ਦੱਸਿਆ ਕਿ ਮੈਡੀਸ਼ਨ ਵੇਸਟੇਜ਼ ਵਾਲੇ ਰੋਜਾਨਾ ਕੂੜਾ ਚੁੱਕਣ ਆਉਂਦੇ ਹਨ ਪ੍ਰੰਤੂ ਹੁਣ ਕੁੱਝ ਦਿਨ ਨਾ ਆਉਣ ਤੋਂ ਬਾਅਦ ਜਦ ਉਹ ਕਈ ਦਿਨਾਂ ਬਾਅਦ ਕੂੜਾ ਚੁੱਕਣ ਆਏ ਤਾਂ ਅਸੀਂ ਉਨ੍ਹਾਂ ਨੂੰ ਰੋਜਾਨਾ ਕੂੜਾ ਚੁੱਕਣ ਦੀ ਗੱਲ ਕੀਤੀ ਤਾਂ ਉਹ ਲੜਨ ਲੱਗੇ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਦੇ ਅਫਸਰਾਂ ਨਾਲ ਵੀ ਉਨ੍ਹਾਂ ਦੀ ਗੱਲ ਕਰਵਾਈ ਗਈ ਪਰ ਉਹ ਉਨ੍ਹਾਂ ਦੇ ਗਲ ਪੈ ਗਏ ਅਤੇ ਕੁੱਝ ਦੇਰ ਬਾਅਦ ਹੋਰ ਵਿਅਕਤੀ ਵੀ ਉੱਥੇ ਆ ਗਏ ਅਤੇ ਹਸਪਤਾਲ ਦੇ ਸਟਾਫ ਮੈਂਬਰਾਂ ਨਾਲ ਕੁੱਟਮਾਰ ਕੀਤੀ ਗਈ।ਇਸ ਸਬੰਧ ਵਿਚ ਹਸਪਤਾਲ ਪੁੱਜੇ ਤਫਤੀਸ਼ੀ ਅਧਿਕਾਰੀ ਏਐੱਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੀੜਤ ਵਿਅਕਤੀਆਂ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।



