
ਪਠਾਨਕੋਟ, 24 ਅਗਸਤ : ਜ਼ਿਲ੍ਹੇ ਦੇ ਸਰਹੱਦੀ ਇਲਾਕੇ ਬਮਿਆਲ ਤੋਂ ਲਗਪਗ 15 ਕਿਲੋਮੀਟਰ ਦੂਰ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਰਾਜਬਾਗ ਖੇਤਰ ਵਿਚ ਸ਼ੁੱਕਰਵਾਰ ਰਾਤ ਦੋ ਹਥਿਆਰਬੰਦ ਸ਼ੱਕੀ ਦਿਖਾਈ ਦੇਣ ਤੋਂ ਬਾਅਦ ਬੀਐੱਸਐੱਫ਼ ਤੇ ਪਠਾਨਕੋਟ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਡੀਐੱਸਪੀ ਆਪਰੇਸ਼ਨ ਗੁਰਬਖਸ਼ ਸਿੰਘ ਦੀ ਅਗਵਾਈ ਵਿਚ ਬਮਿਆਲ ਇਲਾਕੇ ਦੇ ਪਿੰਡ ਟਿੰਡਾ, ਭੋਲਾਪੁਰ ਤੇ ਕਠੂਆ ਨਾਲ ਲੱਗਦੇ ਸੰਵੇਦਨਸ਼ੀਲ ਇਲਾਕੇ ਵਿਚ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ ਜੋ ਹੁਣ ਤੱਕ ਜਾਰੀ ਹੈ। ਸ਼ੁੱਕਰਵਾਰ ਰਾਤ ਰਾਜਬਾਗ ਇਲਾਕੇ ਵਿਚ ਖੇਤ ਮਜ਼ਦੂਰ ਸੋਮਰਾਜ ਨੇ ਪਿੰਡ ਦੇ ਸਰਪੰਚ ਨੂੰ ਦੋ ਸ਼ੱਕੀ ਵਿਅਕਤੀ ਦਿਖਾਈ ਦੇਣ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੋਮਰਾਜ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 9 ਵਜੇ ਕਾਲੇ ਕੱਪੜੇ ਪਾਏ ਦੋ ਹਥਿਆਰਬੰਦ ਨੌਜਵਾਨ ਉਸ ਦੇ ਸ਼ੈੱਡ ਵਿਚ ਆਏ ਤੇ ਖਾਣਾ ਮੰਗਿਆ। ਦੋਵਾਂ ਦੇ ਚਿਹਰਿਆਂ ’ਤੇ ਨਕਾਬ ਸੀ ਤੇ ਮੋਢਿਆਂ ’ਤੇ ਪਿੱਠੂ ਬੈਗ ਲਟਕਿਆ ਹੋਇਆ ਸੀ। ਉਨ੍ਹਾਂ ਕੋਲ ਹਥਿਆਰ ਵੀ ਸਨ। ਦੋਵਾਂ ਨੇ ਪਹੁੰਚਦੇ ਹੀ ਖਾਣਾ ਮੰਗਿਆ। ਸੋਮਰਾਜ ਨੇ ਕਿਹਾ ਕਿ ਉਸ ਕੋਲ ਖਾਣਾ ਨਹੀਂ ਸੀ, ਤਾਂ ਦੋਵਾਂ ਨੇ ਪਾਣੀ ਪੀਤਾ ਤੇ ਸਾਂਜੀ ਮੌੜ ਦਾ ਰਸਤਾ ਪੁੱਛਣ ਤੋਂ ਬਾਅਦ ਚਲੇ ਗਏ। ਘਟਨਾ ਤੋਂ ਬਾਅਦ ਕਠੂਆ ਪੁਲਿਸ ਤੇ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਵਿਚ ਘੇਰਾਬੰਦੀ ਕਰ ਦਿੱਤੀ ਹੈ। ਪਠਾਨਕੋਟ ਪੁਲਿਸ ਨੂੰ ਵੀ ਇਸ ਸਬੰਧੀ ਅਲਰਟ ਕੀਤਾ ਗਿਆ ਹੈ। ਪੁਲਿਸ ਚੌਕੀ ਬਮਿਆਲ ਦੇ ਮੁੱਖੀ ਵਿਜੇ ਕੁਮਾਰ ਨੇ ਦੱਸਿਆ ਕਿ ਰਾਜਬਾਗ ਵਿਚ ਸ਼ੱਕੀ ਦਿਖਾਈ ਦੇਣ ਦੀ ਘਟਨਾ ਦੇ ਮੱਦੇਨਜ਼ਰ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ਨਿਚਰਵਾਰ ਸਵੇਰੇ ਵੀ ਸਰਹੱਦ ਨਾਲ ਲੱਗਦੇ ਖੇਤਰ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਖੇਤਾਂ ਵਿਚ ਬਣੇ ਘਰਾਂ, ਉਸਾਰੀ ਅਧੀਨ ਇਮਾਰਤਾਂ, ਪਸ਼ੂਆਂ ਦੇ ਤਬੇਲਿਆਂ ਤੇ ਖੇਤਾਂ ਵਿਚ ਲੱਗੀਆਂ ਪਾਣੀ ਦੀਆਂ ਮੋਟਰਾਂ ਦੇ ਕਮਰਿਆਂ ਤੱਕ ਦੀ ਜਾਂਚ ਕੀਤੀ ਗਈ। ਫਿਲਹਾਲ, ਕਿਸੇ ਵੀ ਕਿਸਮ ਦੀ ਸ਼ੱਕੀ ਗਤੀਵਿਧੀ ਸਾਹਮਣੇ ਨਹੀਂ ਆਈ ਹੈ।



