
ਲੁਧਿਆਣਾ, 1 ਅਗਸਤ : ਲੁਧਿਆਣਾ ਮਹਾਨਗਰ ਦੇ ਵੱਖ-ਵੱਖ ਇਲਾਕਿਆਂ ’ਚੋਂ ਦੋਪਹੀਆ ਵਾਹਨ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ 3 ਮੁਲਜ਼ਮਾਂ ਨੂੰ ਥਾਣਾ ਜਮਾਲਪੁਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਜਾ ਰਾਮ, ਸਾਹਿਲ ਖਾਨ ਤੇ ਸੋਨੂ ਦੇ ਰੂਪ ’ਚ ਹੋਈ ਹੈ। ਪੁਲਿਸ ਨੂੰ ਆਸ ਹੈ ਕਿ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿਛ ਦੌਰਾਨ ਦੋਪਹੀਆ ਵਾਹਨ ਚੋਰੀ ਦੀਆਂ ਹੋਰ ਕਈ ਵਾਰਦਾਤਾਂ ਸਬੰਧੀ ਅਹਿਮ ਸੁਰਾਗ ਹੱਥ ਲੱਗਣਗੇ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਮਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਜਮਾਲਪੁਰ ਦੇ ਮੁੱਖ ਅਫਸਰ ਇੰਸਪੈਕਟਰ ਬਲਵਿੰਦਰ ਕੌਰ ਦੀ ਅਗਵਾਈ ’ਚ ਚੌਕੀ ਮੁੰਡੀਆਂ ਕਲਾਂ ਦੀ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਮੁਲਜ਼ਮ ਗਲੀ-ਮੁਹੱਲਿਆਂ ’ਚ ਰੇਕੀ ਕਰ ਕੇ ਘਰਾਂ ਤੇ ਫੈਕਟਰੀਆਂ ਬਾਹਰ ਖੜ੍ਹੇ ਦੋਪਹੀਆ ਵਾਹਨ ਚੋਰੀ ਕਰਦੇ ਸਨ। ਮੁਲਜ਼ਮ ਰਾਜਾ ਰਾਮ ਇਸ ਗੈਂਗ ਦਾ ਸਰਗਨਾ ਸੀ ਤੇ ਰਾਜਾ ਰਾਮ ਖਿਲਾਫ ਚੋਰੀ ਦੀਆਂ 6 ਵਾਰਦਾਤਾਂ ਸਬੰਧੀ ਪਹਿਲਾਂ ਵੀ ਮਾਮਲੇ ਦਰਜ ਹਨ। ਇਨ੍ਹਾਂ ਮਾਮਲਿਆਂ ’ਚੋਂ ਇੱਕ ਮਾਮਲੇ ’ਚ ਅਦਾਲਤ ਵੱਲੋਂ ਮੁਲਜ਼ਮ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।



