
ਅੰਮ੍ਰਿਤਸਰ, 20 ਅਗਸਤ : ਹਲਕਾ ਦੱਖਣੀ ਦੇ ਸੁਲਤਾਨਵਿੰਡ ਪਿੰਡ ਦੇ ਵਾਰਡ 6 ਪੰਡੋਰਾ ਦੇ ਪੱਤੀ ਬਹਿਣੀਵਾਲ ਵਿਚ ਸੀਵਰੇਜ ਦਾ ਗੰਦਾ ਪਾਣੀ ਇਕੱਠਾ ਹੋਣ ਕਾਰਨ ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਲਾਕੇ ਦੀਆਂ ਵਸਨੀਕਾਂ ਸੁਖਵਿੰਦਰ ਕੌਰ, ਕਮਲਜੀਤ ਕੌਰ, ਕਮਲਜੀਤ ਕੌਰ, ਬੀਬੀ ਰਾਜਬੀਰ ਕੌਰ, ਮਨਜੀਤ ਕੌਰ, ਰੂਪਾ ਰਾਣੀ, ਜਸਪਾਲ ਸਿੰਘ ਆਦਿ ਨੇ ਦੱਸਿਆ ਕਿ ਸੀਵਰੇਜ ਦਾ ਪਾਣੀ ਇੱਥੇ ਲਗਭਗ ਇਕ-ਦੋ ਮਹੀਨਿਆਂ ਤੋਂ ਓਵਰਫਲੋ ਹੋ ਰਿਹਾ ਹੈ, ਜਿਸ ਕਾਰਨ ਇਲਾਕੇ ਵਿਚ ਬਦਬੂ ਫੈਲ ਰਹੀ ਹੈ ਅਤੇ ਇਲਾਕੇ ਵਿਚ ਬਿਮਾਰੀਆਂ ਫੈਲਣ ਦਾ ਡਰ ਹੈ। ਬੱਚੇ ਅਤੇ ਬਜ਼ੁਰਗ ਇਕੱਲੇ ਲੰਘ ਨਹੀਂ ਸਕਦੇ। ਗੰਦੇ ਪਾਣੀ ਦੀ ਬਦਬੂ ਨੇ ਸਾਹ ਲੈਣਾ ਔਖਾ ਕਰ ਦਿੱਤਾ ਹੈ। ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗਲੀ ਵਿਚ ਜਮ੍ਹਾਂ ਹੋਏ ਸੀਵਰੇਜ ਦੇ ਪਾਣੀ ਨੂੰ ਕੱਢ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ। ਇਲਾਕਾ ਕੌਂਸਲਰ ਮਨਪ੍ਰੀਤ ਕੌਰ ਦੇ ਪਤੀ ਕਵਲਬੀਰ ਸਿੰਘ ਦਾ ਕਹਿਣਾ ਹੈ ਕਿ ਜਲਦੀ ਹੀ ਸੀਵਰੇਜ ਦੀ ਸਫਾਈ ਕਰਵਾ ਕੇ ਲੋਕਾਂ ਨੂੰ ਦਰਪੇਸ਼ ਸਮੱਸਿਆ ਦਾ ਹੱਲ ਕੀਤਾ ਜਾਵੇਗਾ।



