Punjab

ਅੰਮ੍ਰਿਤਸਰ ’ਚ ਦੋ ਨਸ਼ਾ ਸਮੱਗਲਰਾਂ ਦੇ ਘਰ ਢਾਹੇ

SSP ਨੇ ਕਿਹਾ-ਲੋਕਾਂ ਦੇ ਘਰ ਉਜਾੜਨ ਵਾਲਿਆਂ ਨੂੰ ਮਹਿਲਾਂ ਦਾ ਸੁੱਖ ਨਹੀਂ ਲੈਣ ਦਿੱਤਾ ਜਾਵੇਗਾ

ਜੰਡਿਆਲਾ ਗੁਰੂ , 23 ਮਈ- ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਜੰਡਿਆਲਾ ਗੁਰੂ ਨੇੜੇ ਪਿੰਡ ਧਾਰੜ ਵਿਖੇ ਦੋ ਨਸ਼ਾ ਸਮੱਗਲਰਾਂ ਦੇ ਘਰ ਜੇਸੀਬੀ ਮਸ਼ੀਨ ਦੀ ਸਹਾਇਤਾ ਨਾਲ ਢਾਹ ਦਿੱਤੇ। ਇਸ ਮੌਕੇ ਆਪਰੇਸ਼ਨ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਉਕਤ ਘਰ ਜਗਪ੍ਰੀਤ ਸਿੰਘ ਉਰਫ ਜੱਗਾ ਤੇ ਸਤਨਾਮ ਸਿੰਘ ਦੇ ਹਨ। ਇਹ ਦੋਵੇਂ ਲੰਮੇ ਸਮੇਂ ਤੋਂ ਨਸ਼ਾ ਵੇਚਣ ਦਾ ਧੰਦਾ ਕਰ ਰਹੇ ਹਨ। ਜਗਪ੍ਰੀਤ ਸਿੰਘ ’ਤੇ ਸੱਤ ਪਰਚੇ ਦਰਜ ਹਨ ਅਤੇ ਸੱਤੇ ’ਤੇ ਚਾਰ ਪਰਚੇ ਦਰਜ ਹਨ। ਦੋਵੇਂ ਮੁਲਜ਼ਮ ਇਸ ਵਕਤ ਵੀ ਜੇਲ੍ਹ ਵਿਚ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਇਹ ਅੰਮ੍ਰਿਤਸਰ ਜ਼ਿਲ੍ਹੇ ਵਿਚ ਕੀਤੀ ਜਾ ਰਹੀ ਪੰਜਵੀਂ ਕਾਰਵਾਈ ਹੈ, ਜਿਸ ਵਿਚ ਨਸ਼ਾ ਤਸਕਰਾਂ ਵੱਲੋਂ ਕੀਤੀਆਂ ਨਾਜਾਇਜ਼ ਉਸਾਰੀਆਂ ਅਤੇ ਕਬਜ਼ਿਆਂ ਨੂੰ ਹਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਜਿਨ੍ਹਾਂ ਨੇ ਆਪਣਾ ਘਰ ਉਸਾਰਨ ਲਈ ਕਈ ਲੋਕਾਂ ਦੇ ਘਰ ਉਜਾੜ ਦਿੱਤੇ, ਨੂੰ ਮਹਿਲਾਂ ਦਾ ਸੁੱਖ ਨਹੀਂ ਲੈਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਇਸ ਗੈਰ ਕਾਨੂੰਨੀ ਧੰਦੇ ਵਿਚ ਸ਼ਾਮਲ ਹੈ, ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਜਿਸ ਤਹਿਤ ਮੁਲਜ਼ਮ ਵਿਅਕਤੀ ਨੂੰ ਜੇਲ੍ਹ ਦੇ ਨਾਲ-ਨਾਲ ਉਸ ਦੀ ਸੰਪਤੀ ਜ਼ਬਤ ਕੀਤੀ ਜਾਣੀ ਜਾਂ ਉਸ ਦੀਆਂ ਨਾਜਾਇਜ਼ ਉਸਾਰੀਆਂ ਨੂੰ ਢਾਹਿਆ ਜਾਣਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੇ ਗਏ ਯੁੱਧ ਵਿਚ ਸਾਨੂੰ ਆਮ ਜਨਤਾ ਦਾ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ।

Related Articles

Leave a Reply

Your email address will not be published. Required fields are marked *

Back to top button