
ਅੰਮ੍ਰਿਤਸਰ, 17 ਅਗਸਤ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਮ ਆਦਮੀ ਪਾਰਟੀ ਦੇ ਆਗੂ ਮੁਨੀਸ਼ ਸਿਸੋਦੀਆ ਵੱਲੋਂ ਪੰਜਾਬ ਅੰਦਰ 2027 ਦੀਆਂ ਚੋਣਾ ਜਿੱਤਣ ਲਈ ਜ਼ਬਰਦਸਤੀ, ਪੈਸੇ, ਗੁੰਡਾਗਰਦੀ, ਝੂਠ, ਫਰੇਬ ਆਦਿ ਦਾ ਸਹਾਰਾ ਲੈਣ ਲਈ ਵਰਕਰਾਂ ਨੂੰ ਉਕਸਾਉਣ ਦੇ ਦਿੱਤੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਗੁਰੂ ਸਾਹਿਬਾਨ ਦੀ ਧਰਤੀ ਪੰਜਾਬ ਦੇ ਪਵਿੱਤਰ ਇਤਿਹਾਸ ਤੇ ਵਿਰਾਸਤ ਨੂੰ ਖੰਡਤ ਕਰਨ ਵਾਲੀ ਹਰਕਤ ਹੈ। ਸਿਸੋਦੀਆ ਦੇ ਇਸ ਪ੍ਰਗਟਾਵੇ ਨਾਲ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਆਮ ਆਦਮ ਪਾਰਟੀ ਇਹ ਕਦੇ ਨਾ ਭੁੱਲੇ ਕਿ ਲੁੱਟ ਖਸੁੱਟ ਕਰਨ ਆਏ ਧਾੜਵੀਆਂ ਨੂੰ ਹਮੇਸ਼ਾ ਪੰਜਾਬ ਤੋਂ ਮੂੰਹ ਦੀ ਖਾਣੀ ਪਈ। ਪੰਜਾਬ ਦੇ ਲੋਕ ਅਜਿਹੇ ਵਿਚਾਰ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਨਗੇ, ਜਿਸ ਨਾਲ ਸਮਾਜ ਗੰਧਲਾ ਹੋਵੇ।



