Punjab

ਧਮਾਕਾਖੇਜ ਸਮੱਗਰੀ ਨਸ਼ਟ ਕਰਨ ਲਈ ਪੁਲਿਸ ਨੂੰ 8 ਤੇ ਫ਼ੌਜ ਨੂੰ ਲੱਗੇ 2 ਦਿਨ

ਫ਼ੌਜ ਨੇ ਮੁਲਜ਼ਮ ਗੁਰਪ੍ਰੀਤ ਸਿੰਘ ਦੇ ਘਰ ਨੂੰ ਐਲਾਨਿਆ ਸੁਰੱਖਿਅਤ

ਬਠਿੰਡਾ, 21 ਸਤੰਬਰ : ਪਿੰਡ ਜੀਦਾ ਦੇ ਘਰ ਵਿੱਚ ਪਈ ਧਮਾਕਾਖੇਜ ਸਮੱਗਰੀ ਨੂੰ ਭਾਰਤੀ ਫੌਜ ਦੀ ਟੀਮ ਨੇ ਨਸ਼ਟ ਕਰ ਦਿੱਤਾ ਹੈ। ਫੌਜ ਦੀ ਟੀਮ ਨੇ ਮੁਜ਼ਲਮ ਗੁਰਪ੍ਰੀਤ ਸਿੰਘ ਦੇ ਘਰ ਨੂੰ ਹੁਣ ਸੁਰੱਖਿਅਤ ਐਲਾਨ ਦਿੱਤਾ ਹੈ। ਧਮਾਕਾਖੇਜ ਸਮੱਗਰੀ ਨਸ਼ਟ ਕਰਨ ਲਈ ਪੁਲਿਸ ਨੂੰ ਅੱਠ ਦਿਨ ਅਤੇ ਫੌਜ ਨੂੰ ਦੋ ਦਿਨ ਲੱਗੇ। ਫੌਜ ਨੇ ਹੁਣ ਗੁਰਪ੍ਰੀਤ ਵੱਲੋਂ ਘਰ ਅੰਦਰ ਜਮ੍ਹਾਂ ਕੀਤੇ ਕੈਮੀਕਲਾਂ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਘਰ ਨੂੰ ਸੈਨੇਟਾਈਜ਼ਡ ਐਲਾਨ ਦਿੱਤਾ ਹੈ। ਫੌਜ ਦੀ ਬੰਬ ਨਿਰੋਧਕ ਅਤੇ ਤਕਨੀਕੀ ਟੀਮ ਵੀਰਵਾਰ ਨੂੰ ਗੁਰਪ੍ਰੀਤ ਦੇ ਘਰ ਪਹੁੰਚੀ ਸੀ ਅਤੇ ਘਰ ਅੰਦਰ ਚੰਗੀ ਤਰ੍ਹਾਂ ਮੁਆਇਨਾ ਕੀਤਾ। ਆਧੁਨਿਕ ਉਪਕਰਣਾਂ ਦੀ ਵਰਤੋਂ ਕਰਦਿਆਂ ਟੀਮ ਨੇ ਘਰ ਦੇ ਹਰ ਹਿੱਸੇ ਦੀ ਡੂੰਘਾਈ ਨਾਲ ਜਾਂਚ ਕੀਤੀ। ਪਿੰਡ ਵਿੱਚ ਦਹਿਸ਼ਤ ਤੋਂ ਬਾਅਦ ਹੁਣ ਰਾਹਤ ਦੀ ਭਾਵਨਾ ਹੈ। ਫੌਜ ਨੇ ਤਲਾਸ਼ੀ ਦੌਰਾਨ ਮਿਲੇ ਕੈਮੀਕਲਾਂ ਨੂੰ ਨਸ਼ਟ ਕਰ ਦਿੱਤਾ। ਜਾਂਚ ਦੌਰਾਨ ਪੁਲਿਸ ਅਤੇ ਫੌਜ ਦੀਆਂ ਟੀਮਾਂ ਨੇ ਕਿਸੇ ਵੀ ਸੰਭਾਵੀ ਖ਼ਤਰੇ ਨੂੰ ਰੋਕਣ ਲਈ ਘਰ ਦੇ ਆਲੇ ਦੁਆਲੇ ਦੇ ਖੇਤਰ ਨੂੰ ਦਸ ਦਿਨਾਂ ਲਈ ਸੀਲ ਕਰ ਦਿੱਤਾ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਪੂਰੇ ਪਿੰਡ ਵਿੱਚ ਦਹਿਸ਼ਤ ਪੈਦਾ ਕੀਤੀ ਹੋਈ ਸੀ। ਲੋਕ ਖਾਸ ਤੌਰ ’ਤੇ ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸਨ। ਹਾਲਾਂਕਿ ਫੌਜ ਦੀ ਪੂਰੀ ਜਾਂਚ ਅਤੇ ਕਲੀਨ ਚਿੱਟ ਤੋਂ ਬਾਅਦ ਪੁਲਿਸ ਅਧਿਕਾਰੀਆਂ ਤੇ ਪਿੰਡ ਵਾਸੀਆਂ ਨੇ ਰਾਹਤ ਦਾ ਸਾਹ ਲਿਆ ਹੈ। ਇਸ ਤੋਂ ਇਲਾਵਾ ਆਂਢ-ਗੁਆਂਢ ਵਿੱਚ ਖਾਲੀ ਕਰਵਾਏ ਗਏ ਘਰਾਂ ਦੇ ਮਾਲਕਾਂ ਨੂੰ ਵੀ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪੁਲਿਸ ਅਧਿਕਾਰੀਆਂ ਅਨੁਸਾਰ ਗੁਰਪ੍ਰੀਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਉਸ ਨੂੰ ਵਿਸਫੋਟਕ ਸਮੱਗਰੀ ਕਿੱਥੋਂ ਮਿਲੀ ਅਤੇ ਉਸ ਦਾ ਅਸਲ ਉਦੇਸ਼ ਕੀ ਸੀ। ਇਸ ਤੋਂ ਇਲਾਵਾ ਇਹ ਪਤਾ ਲਗਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਕੀ ਇਸ ਪਿੱਛੇ ਕੋਈ ਵੱਡਾ ਨੈੱਟਵਰਕ ਹੈ। ਗੁਰਪ੍ਰੀਤ ਸਿੰਘ ਦੇ ਘਰ ਵਿਚ ਰੱਖੇ ਕੈਮੀਕਲਾਂ ਨੂੰ ਨਸ਼ਟ ਕਰਨ ਲਈ ਪੰਜਾਬ ਪੁਲਿਸ 8 ਦਿਨ ਯਤਨ ਕਰਦੀ ਰਹੀ ਪਰ ਪੁਲਿਸ ਕੈਮੀਕਲਾਂ ਨੂੰ ਪੂਰੀ ਤਰ੍ਹਾਂ ਨਸ਼ਟ ਨਹੀਂ ਕਰ ਸਕੀ। ਪੁਲਿਸ ਨੇ ਰੋਬੋਟ ਦੀ ਮਦਦ ਨਾਲ ਕੈਮੀਕਲਾਂ ਨੂੰ ਨਸ਼ਟ ਕਰਨ ਦਾ ਯਤਨ ਕੀਤਾ ਪਰ ਧਮਾਕਿਆਂ ਕਾਰਨ ਰੋਬੋਟ ਵੀ ਨੁਕਸਾਨਿਆ ਗਿਆ ਸੀ। ਥੋੜ੍ਹੀ ਜਿਹੀ ਰਗੜ ਨਾਲ ਹੀ ਘਰ ਅੰਦਰ ਧਮਾਕੇ ਹੋ ਜਾਂਦੇ ਸਨ, ਜਿਸ ਤੋਂ ਬਾਅਦ ਬਠਿੰਡਾ ਪੁਲਿਸ ਨੇ ਫੌਜ ਦੀ ਮਦਦ ਲਈ। ਫੌਜ ਵੀਰਵਾਰ ਨੂੰ ਜ਼ਿਲ੍ਹੇ ਦੇ ਪਿੰਡ ਜੀਦਾ ਦੇ ਉਸ ਘਰ ਵਿਚ ਪਹੁੰਚ ਗਈ ਸੀ, ਜਿੱਥੇ ਬੰਬ ਬਣਾਉਦੇ ਸਮੇਂ ਮੁਲਜ਼ਮ ਗੁਰਪ੍ਰੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਸੀ। ਫੌਜ ਨੇ ਦੋ ਦਿਨਾਂ ਵਿਚ ਧਮਾਕਾਖੇਜ ਸਮੱਗਰੀ ਨੂੰ ਨਸ਼ਟ ਕਰ ਦਿੱਤਾ ਹੈ। ਫੌਜ ਨੂੰ ਇਸ ਕੰਮ ਵਿਚ ਦੋ ਦਿਨ ਦਾ ਸਮਾਂ ਲੱਗ ਗਿਆ।

Related Articles

Leave a Reply

Your email address will not be published. Required fields are marked *

Back to top button