
ਫ਼ਿਰੋਜ਼ਪੁਰ, 13 ਅਗਸਤ (ਜਸਵਿੰਦਰ ਸਿੰਘ ਸੰਧੂ)- ਆਪਣੀ ਹੱਕੀ ਅਤੇ ਜਾਇਜ਼ ਮੰਗਾਂ ਦੀ ਪੂਰਤੀ ਵਾਸਤੇ ਰਾਸ਼ਨ ਡੀਪੂ ਹੋਲਡਰ ਫ਼ਿਰੋਜ਼ਪੁਰ ਵੱਲੋਂ ਹਲਕਾ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਤੇ ਹਲਕਾ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ਨੂੰ ਮੰਗ ਪੱਤਰ ਸੌਂਪਿਆ ਗਿਆ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਮੂਹ ਡਿਪੂ ਹੋਲਡਰ ਆਪਣੀ ਜਾਇਜ਼ ਮੰਗਾਂ ਵਾਸਤੇ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰਾਂ ਕੋਲ ਵੀ ਗਏ ਸਨ, ਪਰ ਉਨ੍ਹਾਂ ਦੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ’ਚ ਡੀਪੂ ਹੋਲਡਰਾਂ ਦਾ ਪੂਰਾ ਯੋਗਦਾਨ ਹੈ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਡੀਪੂ ਹੋਲਡਰਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ। ਇਸ ਲਈ ਉਨ੍ਹਾਂ ਦੀ ਜਾਇਜ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ। ਡੀਪੂ ਹੋਲਡਰ ਆਗੂ ਨੇ ਆਪਣੀ ਮੰਗਾਂ ਬਾਰੇ ਦੱਸਦਿਆਂ ਕਿਹਾ ਕਿ ਮਾਰਕਫੈਡ ਡੀਪੂਆਂ ਦੇ ਆਧਾਰ ’ਤੇ 68 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਬਿਜਲੀ ਦਾ ਬਿੱਲ ਅਤੇ ਦੁਕਾਨ ਦਾ ਕਿਰਾਇਆ ਡੀਪੂ ਹੋਲਡਰਾਂ ਨੂੰ ਦਿੱਤਾ ਜਾਵੇ ਜਾਂ ਦਿੱਲੀ ਦੀ ਤਰਜ ’ਤੇ ਕਮਿਸ਼ਨ ਪਾਇਆ ਜਾਵ,ੇ ਲੋਡਿੰਗ ਅਨਲੋਡਿੰਗ ਟਰਾਂਸਪੋਰਟ ਅਤੇ ਲੇਬਰ ਦੀ ਰਕਮ ਦੇ ਠੇਕੇਦਾਰ ਨੂੰ ਅਦਾ ਕੀਤੀ ਜਾਂਦੀ ਹੈ ਉਹ ਡੀਪ ਹੋਲਡਰ ਨੂੰ ਦਿੱਤਾ ਜਾਵੇ, ਦੂਜੇ ਰਾਜਾਂ ਦੀ ਤਰਜ ’ਤੇ ਕਾਰਡ ਹੋਲਡਰ ਨੂੰ ਜਿਸ ਤਰ੍ਹਾਂ ਰਸੋਈ ਰਾਸ਼ਨ ਦਿੱਤਾ ਜਾਂਦਾ, ਉਸੇ ਤਰ੍ਹਾਂ ਰਾਸ਼ਨ ਦਿੱਤਾ ਜਾਵੇ, ਈ.ਕੇ.ਵਾਈ.ਸੀ. ਦੇ ਕੰਮ ਬਦਲੇ ਮਿਹਨਤਾਨਾ ਡੀਪੂ ਹੋਲਡਰਾਂ ਨੂੰ ਦਿੱਤਾ ਜਾਵੇ, ਡੀਪੂ ਹੋਲਡਰਾਂ ਨੂੰ ਬੀ.ਐਲ.ਓ ਦਾ ਕੰਮ ਦਿੱਤਾ ਜਾਵੇ, ਡੀਪੂ ਫੋਲਡਰਾਂ ਨੂੰ ਕਣਕ ਦੀ ਸਮੇਂ ਸਿਰ ਦਿੱਤੀ ਜਾਵੇ, ਈ-ਪੋਜ ਮਸ਼ੀਨ ਦਾ ਕਿਰਾਇਆ ਇਕ ਰੁਪਇਆ ਪ੍ਰਤੀ ਕੁਇੰਟਲ ਡੀਪੂ ਹੋਲਡਰਾਂ ਦਿੱਤਾ ਜਾਵੇ, ਦਿੱਲੀ ਦੀ ਤਰਜ ’ਤੇ ਡੀਪੂ ਹੋਲਡਰਾਂ ਨੂੰ ਦਿੱਤੇ ਹੋਏ ਕੰਡੇ ਦੀ ਈ-ਪੋਜ ਮਸ਼ੀਨ ਨਾਲੋਂ ਹਟਾਏ ਜਾਣ, ਕਿਉਂਕਿ ਇਹ ਕੰਡੇ ਜ਼ਿਆਦਾਤਰ ਖਰਾਬ ਰਹਿੰਦੇ ਹਨ ਅਤੇ ਰੇਟ ਵੱਧ ਘੱਟ ਦੱਸਦੇ ਹਨ, ਜਿਸ ਕਰਕੇ ਲਾਭਪਾਤਰ ਦੀ ਪਰਚੀ ਕੱਟਣ ਸਮੇਂ ਜ਼ਿਆਦਾ ਦਿੱਕਤ ਆਉਂਦੀ ਹੈ ਤੇ ਲਾਭ ਪੱਤਿਆਂ ਨੂੰ ਕਈ ਘੰਟੇ ਲਾਈਨਾਂ ਵਿੱਚ ਖੜਨਾ ਪੈਂਦਾ ਹੈ। ਹਲਕਾ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ, ਹਲਕਾ ਦਿਹਾਤੀ ਵਿਧਾਇਕ ਰਜਨੀਸ਼ ਧਹੀਯਾ ਨੂੰ ਮੰਗ ਪੱਤਰ ਸੌਪਣ ਸਮੇਂ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਫੁੱਲਰਵੰਨ, ਸੀਨੀਅਰ ਆਗੂ ਜਗਤਾਰ ਸਿੰਘ ਭੁੱਲਰ, ਜ਼ਿਲ੍ਹਾ ਜਨਰਲ ਸਕੱਤਰ ਬਲਕਰਨਜੀਤ ਹਾਜੀਵਾਲਾ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਸਿਆਲ, ਬਿੱਟੂ ਬਾਠ, ਬਲਕਾਰ ਢਿੱਲੋਂ, ਹੁਸ਼ਿਆਰ ਮਮਦੋਟ, ਅਤੁੱਲ ਕੁਮਾਰ, ਤਲਵਿੰਦਰ ਸਿੰਘ ਉੱਪਲ, ਬਖਸ਼ੀਸ਼ ਸਿੰਘ ਮਹਿਮਾ, ਕੁਲਬੀਰ ਸਿੰਘ ਨੂਰਪੁਰ ਸੇਠਾ ਆਦਿ ਹਾਜ਼ਰ ਸਨ।



