
ਅੰਮ੍ਰਿਤਸਰ, , 30 ਜੁਲਾਈ : ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਸਾਡੇ ਕੋਲ ਭਾਰਤੀ ਗਿਆਨ ਪਰੰਪਰਾ ਵਰਗਾ ਅਮੀਰ ਖਜ਼ਾਨਾ ਹੈ, ਪਰ ਅਸੀਂ ਇਸ ਵੱਲ ਨਜ਼ਰ ਨਹੀਂ ਮਾਰਦੇ। ਉਨ੍ਹਾਂ ਕਿਹਾ ਕਿ ਪੱਛਮੀ ਸੰਸਾਰ ਭਾਰਤੀ ਗਿਆਨ ਪਰੰਪਰਾ ਦੇ ਉਪਰ ਵੱਖ-ਵੱਖ ਦਿਸ਼ਾਵਾਂ ਤੋਂ ਖੋਜ ਕਾਰਜ ਕਰ ਰਿਹਾ ਹੈ, ਪਰ ਅਸੀਂ ਇਸ ਦੇ ਵਾਰਸ ਇਸ ਨੂੰ ਭੁੱਲੇ ਬੈਠੇ ਹਾਂ। ਉਹ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਕਰਵਾਏ ਗਏ ਇਕ ਰੋਜ਼ਾ ਰਾਸ਼ਟਰੀ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਸੈਮੀਨਾਰ ਦੌਰਾਨ ਪ੍ਰੋ. ਕੁਲਦੀਪ ਚੰਦ ਅਗਨੀਹੋਤਰੀ, ਸਾਬਕਾ ਉਪ ਕੁਲਪਤੀ, ਕੇਂਦਰੀ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਅਤੇ ਸਲਾਹਕਾਰ ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ, ਪਦਮਸ਼੍ਰੀ ਪ੍ਰੋ. ਹਰਮੋਹਿੰਦਰ ਸਿੰਘ ਬੇਦੀ, ਚਾਂਸਰਲ, ਕੇਂਦਰੀ ਯੂਨੀਵਰਸਿਟੀ, ਹਿਮਾਂਚਲ ਪ੍ਰਦੇਸ਼ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ। ਡੀਨ ਕਾਲਜ ਵਿਕਾਸ ਕੌਂਸਲ, ਪ੍ਰੋ. ਸਰੋਜ ਅਰੋੜਾ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ। ਕਾਲਜ ਕੈਂਪਸ ਵਿਚ ਪੁੱਜਣ ਤੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਆਪਣੇ ਸੰਬੋਧਨ ਵਿਚ ਪ੍ਰੋ. ਕਰਮਜੀਤ ਸਿੰਘ ਨੇ ਵਿਦੇਸ਼ਾਂ ਵੱਲ ਹੋ ਰਹੇ ਪਰਵਾਸ ਦੀ ਗੱਲ ਕਰਦਿਆਂ ਕਿਹਾ ਕਿ ਨੌਜਵਾਨ ਵਿਦੇਸ਼ਾਂ ਵਿਚ ਜਾਂਦੇ ਹਨ, ਮਿਹਨਤ ਕਰਦੇ ਹਨ ਅਤੇ ਚੰਗੇ ਰੁਤਬੇ ਅਤੇ ਚੰਗੇ ਵਪਾਰ ਸਥਾਪਤ ਵੀ ਕਰਦੇ ਹਨ।



