
ਬਰਨਾਲਾ, 8 ਅਗਸਤ : ਲੁਧਿਆਣਾ–ਬਰਨਾਲਾ ਮੁੱਖ ਮਾਰਗ ’ਤੇ ਪਿੰਡ ਸਹਿਜੜਾ ਨੇੜੇ ਇਕ ਭਿਆਨਕ ਸੜਕ ਹਾਦਸੇ ’ਚ ਮਹਿਲ ਕਲਾਂ ਨਿਵਾਸੀ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਇਹ ਹਾਦਸਾ ਬੀਤੀ ਰਾਤ ਉਸ ਵੇਲੇ ਵਾਪਰਿਆ ਜਦੋਂ ਦੋਵੇਂ ਨੌਜਵਾਨ ਮੋਟਰਸਾਈਕਲ ’ਤੇ ਮਹਿਲ ਕਲਾਂ ਵੱਲ ਆ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ (25) ਸੁਖਜੀਤ ਸਿੰਘ ਉਰਫ ਬੱਬੂ ਪੁੱਤਰ ਚਰਨਜੀਤ ਸਿੰਘ ਵਾਸੀ ਮਹਿਲਕਲਾਂ ਸੋਢੇ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਆਪਣੇ ਇਕ ਸਾਥੀ ਨਾਲ ਮੋਟਰਸਾਈਕਲ ਰਾਹੀਂ ਬਰਨਾਲਾ ਤੋਂ ਮਹਿਲਕਲਾਂ ਵੱਲ ਆ ਰਹੇ ਸਨ, ਤਾਂ ਪਿੰਡ ਸਹਿਜੜਾ ਨੇੜੇ ਸਥਿਤ ਸੀਐੱਨਜੀ ਪੰਪ ਦੇ ਸਾਹਮਣੇ, ਉਨ੍ਹਾਂ ਦੀ ਮੋਟਰਸਾਈਕਲ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਗਈ, ਜਿਸ ਕਰਕੇ ਦੋਵੇਂ ਨੌਜਵਾਨ ਮੋਟਰਸਾਈਕਲ ਤੋਂ ਡਿੱਗ ਪਏ ਅਤੇ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਮੋਟਰਸਾਈਕਲ ਦੀ ਕਿਸੇ ਅਣਪਛਾਤੇ ਵਾਹਨ ਨਾਲ ਟਕਰਾਉਣ ਕਰਕੇ ਵਾਪਰਿਆ। ਆਸ-ਪਾਸ ਦੇ ਲੋਕਾਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਦੋਵੇਂ ਨੂੰ ਤੁਰੰਤ ਬਠਿੰਡਾ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਪਰ ਸੁਖਜੀਤ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ, ਜਦਕਿ ਉਸ ਦੇ ਸਾਥੀ ਦਾ ਹਾਲੇ ਇਲਾਜ ਚੱਲ ਰਿਹਾ ਹੈ। ਇਸ ਮੌਕੇ ਥਾਣਾ ਮਹਿਲ ਕਲਾਂ ਦੇ ਮੁਖੀ ਐੱਸਐੱਚਓ ਸ਼ੇਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਪਰਿਵਾਰ ਵੱਲੋਂ ਹਾਲੇ ਤੱਕ ਕੋਈ ਲਿਖਤੀ ਬਿਆਨ ਨਹੀਂ ਦਿੱਤਾ ਗਿਆ ਹੈ। ਪਰਿਵਾਰਕ ਬਿਆਨ ਮਿਲਣ ’ਤੇ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਸੁਖਜੀਤ ਸਿੰਘ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧਤ ਸੀ ਤੇ ਰਾਜਗਿਰੀ ਦਾ ਕੰਮ ਕਰ ਕੇ ਪਰਿਵਾਰ ਦੀ ਰੋਜ਼ੀ-ਰੋਟੀ ਕਮਾਉਂਦਾ ਸੀ। ਉਸ ਦੀ ਅਚਾਨਕ ਮੌਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਿੰਡ ਮਹਿਲਕਲਾਂ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।



