ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਦੀ ਹੋਈ ਘਰ ਵਾਪਸੀ
ਸੁਖਬੀਰ ਬਾਦਲ ਨੇ ਕਿਹਾ- ਅਕਾਲੀ ਦਲ ਤੋਂ ਬਿਨਾ ਪੰਜਾਬ ਤੇ ਪੰਥ ਨੂੰ ਕੋਈ ਨਹੀਂ ਬਚਾ ਸਕਦਾ

ਦਿੜ੍ਹਬਾ, 8 ਅਗਸਤ : ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਦੀ ਘਰ ਵਾਪਸੀ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਲਦੇਵ ਸਿੰਘ ਮਾਨ ਦੇ ਘਰ ਸੂਲਰ ਘਰਾਟ ਵਿਖੇ ਪਹੁੰਚ ਕੇ ਉਨ੍ਹਾਂ ਨੂੰ ਅਕਾਲੀ ਦਲ ‘ਚ ਸ਼ਾਮਿਲ ਕੀਤਾ ਹੈ। ਜ਼ਿਕਰਯੋਗ ਹੈ ਕਿ ਬਲਦੇਵ ਸਿੰਘ ਮਾਨ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਸੁਧਾਰ ਲਹਿਰ ‘ਚ ਸ਼ਾਮਿਲ ਹੋ ਗਏ ਸਨ ਪਰ ਉਹ ਫਿਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕਬੂਲਦੇ ਹੋਏ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ ਹਨ। ਬਲਦੇਵ ਸਿੰਘ ਮਾਨ ਨੇ ਆਪਣੇ ਸਮਰਥਕਾਂ ਨਾਲ ਸੈਂਕੜਿਆਂ ਦੀ ਗਿਣਤੀ ‘ਚ ਮੁੜ ਦੁਬਾਰਾ ਅਕਾਲੀ ਦਲ ਦਾ ਪੱਲਾ ਫੜ ਲਿਆ। ਅਕਾਲੀ ਦਲ ‘ਚ ਸ਼ਾਮਲ ਹੋਣ ਤੋਂ ਪਹਿਲਾਂ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਆਪਣੇ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਹੀ ਅਕਾਲੀ ਦਲ ‘ਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ ਕਿਉਂਕਿ ਅਕਾਲੀ ਦਲ ਹੀ ਪੰਜਾਬ ਅਤੇ ਪੰਥ ਦੀ ਅਗਵਾਈ ਕਰ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਨੇ ਬਲਦੇਵ ਸਿੰਘ ਮਾਨ ਨੂੰ ਪਾਰਟੀ ‘ਚ ਸ਼ਾਮਲ ਕਰਨ ਉਪਰੰਤ ਕਿਹਾ ਕਿ ਅਕਾਲੀ ਦਲ ਤੋਂ ਬਿਨਾਂ ਪੰਜਾਬ ਅਤੇ ਪੰਥ ਨੂੰ ਕੋਈ ਨਹੀਂ ਬਚਾ ਸਕਦਾ। ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਇੱਕ ਮਾਤਰ ਖੇਤਰੀ ਪਾਰਟੀ ਹੈ ਜੋ ਪੰਜਾਬ, ਪੰਜਾਬੀਅਤ ਅਤੇ ਪੰਥ ਬਾਰੇ ਸੋਚਦੀ ਹੈ।



