
ਬਠਿੰਡਾ, 8 ਅਗਸਤ : ਸਥਾਨਕ ਮਿਲਕ ਪਲਾਂਟ ’ਚ ਕੱਚੇ ਮੁਲਾਜ਼ਮਾਂ ਨੇ ਪੱਕੇ ਕਰਨ ਲਈ ਧਰਨਾ ਲਗਾ ਕੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਸੂਬਾ ਪ੍ਰਧਾਨ ਪਵਨਦੀਪ ਸਿੰਘ ਤੇ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਕਿ ਆਊਟਸੋਰਸ ਅਤੇ ਇਨਲੀਸਟਮੈਟ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ’ਚ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ ’ਚ ਆਈ ਆਪ ਸਰਕਾਰ ਪਿਛਲੀ ਸਰਕਾਰਾਂ ਦੀ ਤਰ੍ਹਾਂ ਹੀ ਠੇਕਾ ਮੁਲਾਜ਼ਮਾਂ ਨੂੰ ਲਾਅਰੇ ’ਚ ਰੱਖ ਕੇ ਆਪਣਾ ਸਮਾਂ ਕੱਢ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ’ਚ ਕਿਹਾ ਸੀ ਕਿ ਠੇਕੇਦਾਰਾਂ ਅਤੇ ਕੰਪਨੀਆਂ ਵੱਲੋਂ ਆਊਟਸੋਰਸ ਠੇਕੇ ਮੁਲਾਜ਼ਮਾਂ ਦੀ ਕਿਰਤ ਦੀ ਲੁੱਟ ਕੀਤੀ ਜਾ ਰਹੀ ਹੈ ਤੇ ਇਸ ਅੰਨੀ ਲੁੱਟ ਨੂੰ ਬੰਦ ਕਰਨ ਦੇ ਝੂਠੇ ਐਲਾਨ ਕੀਤੇ ਗਏ, ਉਸ ਦੇ ਉਲ਼ਟ ਠੇਕਾ ਮੁਲਾਜ਼ਮਾਂ ਨੂੰ ਠੇਕਾ ਪ੍ਰਣਾਲੀ ਦੀ ਚੱਕੀ ’ਚ ਪਿਸਣ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਵੱਖ–ਵੱਖ ਸਰਕਾਰੀ ਵਿਭਾਗਾਂ ’ਚ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਨਿਗੁਣੀਆਂ ਤਨਖਾਹਾਂ ਅਤੇ ਤਨਦੇਹੀ ਦੇ ਨਾਲ ਸੇਵਾ ਨਿਭਾ ਰਹੇ ਹਨ। ਆਊਟਸੋਰਸ ਅਤੇ ਇਨਲੀਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ’ਚ ਮਰਜ ਕਰਕੇ ਪੱਕਾ ਕਰਨ ਲਈ ਆਪ ਸਰਕਾਰ ਵੱਲੋਂ ਆਪਣੇ ਤਿੰਨ ਸਾਲਾਂ ਦੇ ਕਾਰਜ ਵਿਚ ਹੁਣ ਤਕ ਕੋਈ ਵੀ ਨੀਤੀ ਨਹੀਂ ਬਣਾਈ ਗਈ। ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਆਪ ਸਰਕਾਰ ਵੀ ਪਿਛਲੀ ਸਰਕਾਰਾਂ ਦੀ ਵਾਂਗ ਆਊਟਸੋਰਸ ਠੇਕਾ ਮੁਲਾਜ਼ਮਾਂ ਦੇ ਨਾਲ ਧੋਖਾ ਕਰ ਰਹੀ ਹੈ ਅਤੇ ਸਾਰਿਆਂ ਦੀ ਮੰਗ ਹੈ ਕਿ ਸਰਕਾਰ 1948 ਫਾਰਮੂਲੇ ਅਧੀਨ ਤਨਖਾਹ ਫਿਕਸ ਕਰਕੇ ਆਊਟਸੋਰਸ ਮੁਲਾਜ਼ਮਾਂ ਦੀ ਤਨਖਾਹ ਵਧਾਈ ਜਾਵੇ। ਇਸੇ ਤਰ੍ਹਾਂ ਭਾਰਤ ਸਰਕਾਰ ਡੇਅਰੀ ਦੇ ਕਾਰੋਬਾਰ ਨੂੰ ਅਮਰੀਕਾ ਦੀਆਂ ਕੰਪਨੀ ਨੂੰ ਦੇਣ ਨੂੰ ਪੱਬਾ ਭਾਰ ਹੋਈ ਫਿਰਦੀ ਹੈ। ਮਿਲਕਫ਼ੈਡ ਚੈਅਰਮੈਨ ਵੀ ਮੀਟਿੰਗ ਕਰਨ ਤੋਂ ਇਨਕਾਰੀ ਹੈ। ਇਸ ਸਬੰਧੀ 13 ਅਗਸਤ ਨੂੰ ਸਮੂਹ ਪਲਾਂਟ ਵਿਚ ਪੰਜਾਬ ਸਰਕਾਰ ਦੇ ਪੂਤਲੇ ਫੂਕ ਕੇ 18 ਅਗਸਤ ਨੂੰ ਵੇਰਕਾ ਦੇ ਅੰਮ੍ਰਿਤਸਰ, ਮੋਹਾਲੀ, ਲੁਧਿਆਣਾ , ਜਲ਼ੰਧਰ ਦੇ ਪਲਾਂਟ ਅੱਗੇ ਸੂਬਾ ਪੱਧਰੀ ਧਰਨੇ ਦਿੱਤੇ ਜਾਣਗੇ। ਜਿਸ ’ਚ ਸਮੂਹ ਪਲਾਂਟ ਸ਼ਾਮਲ ਹੋਣਗੇ। ਇਸ ਮੌਕੇ ਸੁਖਦੇਵ ਸਿੰਘ, ਸ਼ਮਿੰਦਰ ਸਿੰਘ,ਨਿਰਮਲ ਪਵਾਰ, ਅਮਨਦੀਪ ਸਿੰਘ, ਕਿੰਗ ਕੌਂਸਿਲ, ਹਰਦੇਵ ਸਿੰਘ, ਯਾਦਵਿੰਦਰ ਸਿੰਘ, ਰਾਜ ਕੁਮਾਰ, ਗੁਰਭੇਜ ਸਿੰਘ, ਬਲਵੀਰ ਸਿੰਘ ਰਾਜਾ ਮੌਜੂਦ ਸਨ।



