Punjab

ਪੰਜਾਬ ਪੁਲਿਸ ਨੇ ਕਾਰਕੁੰਨ ਨੂੰ ਗ੍ਰਿਫ਼ਤਾਰ ਕਰ ਕੇ ਸੰਭਾਵੀ ਅੱਤਵਾਦੀ ਹਮਲੇ ਨੂੰ ਕੀਤਾ ਨਾਕਾਮ; ਹੈਂਡ ਗ੍ਰੇਨੇਡ ਬਰਾਮਦ

ਅੰਮ੍ਰਿਤਸਰ, 2 ਅਪ੍ਰੈਲ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਏਜੰਸੀ ਨਾਲ ਸਬੰਧਤ ਇਕ ਕਾਰਕੁੰਨ ਨੂੰ ਹੈਂਡ ਗ੍ਰਨੇਡ ਸਮੇਤ ਗ੍ਰਿਫ਼ਤਾਰ ਕਰ ਕੇ ਸੂਬੇ ’ਚ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਜੈਵੀਰ ਤਿਆਗੀ ਉਰਫ਼ ਜਾਵੇਦ ਵਾਸੀ ਪਿੰਡ ਬਰੋਲੀ, ਸਹਾਰਨਪੁਰ, ਉੱਤਰ ਪ੍ਰਦੇਸ਼ (ਯੂਪੀ) ਵਜੋਂ ਹੋਈ ਹੈ। ਉਹ ਮੌਜੂਦਾ ਸਮੇਂ ਲੁਧਿਆਣਾ ਵਿਖੇ ਰਹਿ ਰਿਹਾ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੀਆਈ ਅੰਮ੍ਰਿਤਸਰ ਦੀਆਂ ਟੀਮਾਂ ਨੂੰ ਵਿਦੇਸ਼ ਆਧਾਰਤ ਵਿਅਕਤੀ ਸਹਿਲਾਮ, ਜੋ ਕਿ ਪਾਕਿਆਈਐੱਸਆਈ ਏਜੰਸੀ ਲਈ ਕੰਮ ਕਰਦਾ ਹੈ ਅਤੇ ਉਸਦੇ ਚਚੇਰੇ ਭਰਾ ਜੈਵੀਰ ਤਿਆਗੀ ਵੱਲੋਂ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਵੱਖ-ਵੱਖ ਸ਼ਹਿਰਾਂ ’ਚ ਅੱਤਵਾਦੀ ਹਮਲਿਆਂ ਰਾਹੀਂ ਸਰਕਾਰੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚਣ ਬਾਰੇ ਸੂਹ ਮਿਲੀ ਸੀ। ਸੂਹ ਤੋਂ ਇਹ ਵੀ ਖੁਲਾਸਾ ਹੋਇਆ ਕਿ ਜੈਵੀਰ ਤਿਆਗੀ ਨੇ ਅੰਮ੍ਰਿਤਸਰ ਦੇ ਇਲਾਕੇ ਤੋਂ ਹੈਂਡ ਗ੍ਰਨੇਡ ਦੀ ਖੇਪ ਵੀ ਪ੍ਰਾਪਤ ਕੀਤੀ ਹੈ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਉਹ ਅੰਮ੍ਰਿਤਸਰ ਦੇ ਤਾਰਾਂਵਾਲਾ ਪੁਲ ਨੇੜੇ ਆਪਣੇ ਹੋਰ ਸਾਥੀਆਂ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪੁਖ਼ਤਾ ਸੂਹ ’ਤੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਸੀਆਈ ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੇ ਇਕ ਖੂਫੀਆ ਕਾਰਵਾਈ ਤਹਿਤ ਮੁਲਜ਼ਮ ਜੈਵੀਰ ਤਿਆਗੀ ਨੂੰ ਹੈਂਡ ਗ੍ਰਨੇਡ ਸਮੇਤ ਗ੍ਰਿਫ਼ਤਾਰ ਕਰ ਲਿਆ। ਡੀਜੀਪੀ ਨੇ ਕਿਹਾ ਕਿ ਹੋਰ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਜੈਵੀਰ ਪਿਛਲੇ 14-15 ਸਾਲਾਂ ਤੋਂ ਲੁਧਿਆਣਾ ’ਚ ਰਹਿ ਰਿਹਾ ਸੀ ਅਤੇ ਏਨਕ੍ਰਿਪਟਡ ਮੈਸੇਜਿੰਗ ਐਪਸ ਰਾਹੀਂ ਸਹਿਲਾਮ ਦੇ ਸੰਪਰਕ ’ਚ ਸੀ। ਜਾਂਚ ਤੋਂ ਇਹ ਖੁਲਾਸਾ ਵੀ ਹੋਇਆ ਹੈ ਕਿ ਸਹਿਲਾਮ ਦੇ ਨਿਰਦੇਸ਼ਾਂ ’ਤੇ ਹੀ ਮੁਲਜ਼ਮ ਜੈਵੀਰ ਨੇ ਗ੍ਰਨੇਡ ਪ੍ਰਾਪਤ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਅਗਲੇਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ। ਇਸ ਸਬੰਧੀ ਅਸਲਾ ਐਕਟ ਦੀ ਧਾਰਾ-25, ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4 ਤੇ 5, ਅਤੇ ਬੀਐੱਨਐੱਸ ਦੀ ਧਾਰਾ 61(2) ਤੇ 111 ਤਹਿਤ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਿਖੇ ਕੇਸ ਦਰਜ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button