Punjab

ਨਾਬਾਲਗ ਲੜਕੀ ਨੂੰ ਵਰਗਲਾ ਕੇ ਵਕੀਲ ਕਰਦਾ ਰਿਹਾ ਜਬਰ ਜਨਾਹ

ਤਰਨਤਾਰਨ, 8 ਅਗਸਤ : ਤਰਨਤਾਰਨ ’ਚ ਫੜ੍ਹੀ ਲਾ ਕੇ ਆਪਣੀ ਜੀਵਿਕਾ ਚਲਾਉਂਦੇ ਮਾਤਾ-ਪਿਤਾ ਦੀ ਮਦਦ ਲਈ ਦੁਕਾਨ ’ਤੇ ਆਉਣ ਵਾਲੀ ਅੱਠਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ ਨੂੰ ਕਥਿਤ ਤੌਰ ’ਤੇ ਵਰਗਲਾ ਕੇ ਜਬਰ-ਜਨਾਹ ਕਰਨ ਵਾਲੇ ਤਰਨਤਾਰਨ ਦੇ ਇਕ ਵਕੀਲ ਵਿਰੁੱਧ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰਾਜੇਸ਼ ਕੁਮਾਰ ਦੇ ਦਖ਼ਲ ’ਤੇ ਕੇਸ ਦਰਜ ਕਰ ਲਿਆ ਹੈ। ਵਕੀਲ ਦੀ ਪਛਾਣ ਗੋਲਡਨ ਐਵੇਨਿਊ ਤਰਨਤਾਰਨ ਦੇ ਰਹਿਣ ਵਾਲੇ ਗੁਰਨਾਮ ਸਿੰਘ ਵਜੋਂ ਹੋਈ ਹੈ। ਹਾਲਾਂਕਿ ਉਸ ਨੂੰ ਅਜੇ ਗ੍ਰਿਫਤਾਰ ਕਰਨਾ ਬਾਕੀ ਹੈ। ਜਦੋਂਕਿ ਪੀੜਤ ਲੜਕੀ ਦੇ ਵੀਰਵਾਰ ਨੂੰ ਅਦਾਲਤ ’ਚ ਬਿਆਨ ਵੀ ਦਰਜ ਹੋ ਗਏ ਹਨ ਤੇ ਮੈਡੀਕਲ ਕਰਵਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਸਥਾਨਕ ਵਾਸੀ ਗ਼ਰੀਬ ਪਰਿਵਾਰ ਨਾਲ ਸਬੰਧਤ 8ਵੀਂ ਜਮਾਤ ਦੀ ਉਕਤ ਵਿਦਿਆਰਥਣ ਨਾਲ ਜਬਰ ਜਨਾਹ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਬਿਆਨ ਦਰਜ ਕੀਤੇ ਸਨ ਤੇ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੂੰ ਕਾਰਵਾਈ ਲਈ ਕਿਹਾ ਗਿਆ ਸੀ। ਪੀੜਤ ਲੜਕੀ ਦੇ ਪਿਤਾ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਹ ਸ੍ਰੀ ਦਰਬਾਰ ਸਾਹਿਬ ਸਰਾਂ ਦੇ ਕੋਲ ਚੱਪਲਾਂ ਤੇ ਖਿਡੌਣੇ ਆਦਿ ਦੀ ਫੜ੍ਹੀ ਲਾਉਂਦਾ ਹੈ। ਜਦੋਂਕਿ ਉਸ ਦੇ ਸਾਹਮਣੇ ਵਕੀਲ ਗੁਰਨਾਮ ਸਿੰਘ ਨੇ ਦੁਕਾਨ ਕਿਰਾਏ ’ਤੇ ਲਈ ਹੋਈ ਹੈ। ਜਿੱਥੇ ਉਹ ਕਚਹਿਰੀ ਤੋਂ ਆਉਣ ਮਗਰੋਂ ਆਧਾਰ ਕਾਰਡ, ਫੋਟੋਸਟੇਟ, ਪੈਨ ਕਾਰਡ ਅਪਲਾਈ ਕਰਨ ਦਾ ਕੰਮ ਕਰਦਾ ਹੈ। ਉਸ ਦੀ 16 ਸਾਲਾ ਲੜਕੀ ਜੋ 8ਵੀਂ ਜਮਾਤ ਦੀ ਵਿਦਿਆਰਥਣ ਹੈ, ਪੜ੍ਹਾਈ ਉਪਰੰਤ ਦੁਕਾਨ ’ਤੇ ਉਸ ਦਾ ਤੇ ਉਸ ਦੀ ਪਤਨੀ ਦਾ ਹੱਥ ਵਟਾਉਂਦੀ ਸੀ। ਇਸੇ ਦੌਰਾਨ ਦਸੰਬਰ ਮਹੀਨੇ ਦੇ ਆਸ-ਪਾਸ ਵਕੀਲ ਗੁਰਨਾਮ ਸਿੰਘ ਨੇ ਉਨ੍ਹਾਂ ਨੂੰ ਝਾਂਸੇ ’ਚ ਲੈ ਕੇ ਉਸ ਦੀ ਲੜਕੀ ਨੂੰ ਆਪਣੀ ਦੁਕਾਨ ’ਤੇ ਰੱਖ ਲਿਆ ਤੇ ਤਿੰਨ ਹਜ਼ਾਰ ਰੁਪਏ ਦੀ ਤਨਖ਼ਾਹ ਵੀ ਦੇਣ ਲੱਗਾ। ਛੁੱਟੀ ਤੋਂ ਬਾਅਦ ਉਸ ਦੀ ਲੜਕੀ ਦੁਕਾਨ ’ਤੇ ਆਉਣ ਲੱਗੀ ਤਾਂ ਵਕੀਲ ਅਕਸਰ ਉਸ ਲਈ ਸੁਆਦੀ ਖਾਣੇ ਮੰਗਵਾਉਂਦਾ ਤੇ ਲੜਕੀ ਸਮੇਤ ਉਨ੍ਹਾਂ ਨੂੰ ਵੀ ਖੁਆਉਂਦਾ ਸੀ। ਫਿਰ ਉਹ ਨਾਬਾਲਗ ਲੜਕੀ ਦੇ ਭਵਿੱਖ ਨੂੰ ਉਜਵਲ ਬਣਾਉਣ ਦੇ ਨਾਂ ’ਤੇ ਗੁਰਨਾਮ ਸਿੰਘ ਨੇ ਉਸ ਨੂੰ ਵਕੀਲ ਬਣਾਉਣ ਦੇ ਸੁਪਨੇ ਦਿਖਾਏ ਤੇ ਸਕੂਲ ਜਾਣੋ ਇਹ ਕਹਿ ਕੇ ਹਟਵਾ ਦਿੱਤਾ ਕਿ ਉਹ ਆਪ ਹੀ ਇਸ ਦੀ ਪੜ੍ਹਾਈ ਕਰਵਾ ਦੇਵੇਗਾ। ਫਿਰ ਸਾਰਾ ਦਿਨ ਉਸ ਦੀ ਲੜਕੀ ਦੁਕਾਨ ’ਤੇ ਆਉਣ ਲੱਗ ਪਈ ਤੇ ਉਸ ਨੂੰ ਤਨਖ਼ਾਹ ਪੰਜ ਹਜ਼ਾਰ ਰੁਪਏ ਦੇਣ ਦੀ ਗੱਲ ਵੀ ਕਹੀ। ਜਿਸ ਤੋਂ ਬਾਅਦ ਉਸ ਦੀ ਲੜਕੀ ਸਾਰਾ ਦਿਨ ਉਸ ਦੀ ਦੁਕਾਨ ਸੰਭਾਲਣ ਲੱਗੀ। ਆਪਣੇ ਤਲਾਕ ਹੋਣ ਦੀ ਗੱਲ ਕਰ ਕੇ ਵਕੀਲ ਨੇ ਉਸ ਦੀ ਲੜਕੀ ਨੂੰ ਵਰਗਲਾ ਲਿਆ ਤੇ ਫਿਰ ਬਹਾਨੇ ਨਾਲ ਆਪਣੇ ਨਾਲ ਲੈ ਇਹ ਕਹਿ ਕੇ ਲੈ ਗਿਆ ਕਿ ਕੰਮ ਲਈ ਦਿੱਲੀ ਜਾਣਾ ਪਵੇਗਾ। ਪਰ ਗੁਰਨਾਮ ਸਿੰਘ ਉਸ ਨੂੰ ਗੋਲਡਨ ਐਵੇਨਿਊ ਸਥਿਤ ਆਪਣੇ ਘਰ ਲੈ ਗਿਆ ਤੇ ਪੰਜ ਦਿਨ ਤੱਕ ਉਸ ਨਾਲ ਜਬਰ ਜਨਾਹ ਕਰਦਾ ਰਿਹਾ।

Related Articles

Leave a Reply

Your email address will not be published. Required fields are marked *

Back to top button