
ਜਲੰਧਰ, 8 ਅਗਸਤ : ਮੰਗਲਵਾਰ ਰਾਤ ਨੂੰ ਸੋਢਲ ਦੇ ਲਾਠੀਮਾਰ ਮੁਹੱਲਾ ’ਚ ਹੋਈ ਗੋਲੀਬਾਰੀ ਦੀ ਜਾਂਚ ਕਰਦਿਆਂ ਕਮਿਸ਼ਨਰੇਟ ਪੁਲਿਸ ਨੇ ਮੁੱਖ ਮੁਲਜ਼ਮ ਅਮਨ ਪਾਸਵਾਨ ਤੇ ਰਾਘਵ ਮਲਹੋਤਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤੀਜੇ ਮੁਲਜ਼ਮ ਕੁਲਵਿੰਦਰ ਸਿੰਘ ਵਾਸੀ ਸੰਜੇ ਗਾਂਧੀ ਨਗਰ ਦੀ ਭਾਲ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਤੋਂ ਚਾਰ ਦਿਨਾਂ ਦੇ ਪੁਲਿਸ ਰਿਮਾਂਡ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਕੋਲੋਂ ਇਕ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਏਡੀਸੀਪੀ ਸਿਟੀ-ਵਨ ਆਕਰਸ਼ੀ ਜੈਨ ਨੇ ਜਾਣਕਾਰੀ ਦਿੱਤੀ ਕਿ ਮੰਗਲਵਾਰ ਰਾਤ ਨੂੰ ਸੋਢਲ ਦੇ ਲਾਠੀਮਾਰ ਮੁਹੱਲਾ ’ਚ ਰਾਹੁਲ ਦੇ ਪੱਟਾਂ ਵਿਚਾਲੇ ਤੇ ਹੱਥ ’ਚ ਗੋਲੀ ਮਾਰੀ ਗਈ। ਇਸ ਮਾਮਲੇ ’ਚ ਕਮਿਸ਼ਨਰੇਟ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਦੇਰ ਰਾਤ ਮੁੱਖ ਮੁਲਜ਼ਮ ਅਮਨ ਪਾਸਵਾਨ ਤੇ ਉਸਦੇ ਸਾਥੀ ਰਾਘਵ ਮਲਹੋਤਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ ਅਪਰਾਧ ’ਚ ਵਰਤਿਆ ਗਿਆ .32 ਬੋਰ ਦਾ ਦੇਸੀ ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਅਨੁਸਾਰ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਤ ਸਾਲ ਪਹਿਲਾਂ ਰਾਹੁਲ ਨੇ ਅਮਨ ਪਾਸਵਾਨ ਦੇ ਛੋਟੇ ਭਰਾ ਵਿੱਕੀ ਦੀ ਕੁੱਟਮਾਰ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਸੀ, ਜਿਸਦਾ ਬਦਲਾ ਲੈਣ ਲਈ ਅਮਨ ਪਾਸਵਾਨ ਆਪਣੇ ਭਰਾ ਨਾਲ ਰਾਹੁਲ ਨੂੰ ਸਬਕ ਸਿਖਾਉਣ ਗਿਆ ਸੀ ਪਰ ਇਸਦੇ ਉਲਟ ਰਾਹੁਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਾ ਸਿਰਫ਼ ਦੋਵਾਂ ਭਰਾਵਾਂ ਨੂੰ ਕੁੱਟਿਆ। ਉਨ੍ਹਾਂ ਨੂੰ ਅਣਮਨੁੱਖੀ ਢੰਗ ਨਾਲ ਜ਼ਲੀਲ ਵੀ ਕੀਤਾ ਸੀ। ਇਸ ਘਟਨਾ ਤੋਂ ਬਾਅਦ ਅਮਨ ਪਾਸਵਾਨ ਨੂੰ ਡਕੈਤੀ ਦੇ ਇਕ ਮਾਮਲੇ ’ਚ ਫੜਿਆ ਗਿਆ ਸੀ ਤੇ ਉਹ ਜੇਲ੍ਹ ਚਲਾ ਗਿਆ ਸੀ। ਉਹ ਲਗਪਗ 6 ਮਹੀਨੇ ਪਹਿਲਾਂ ਜ਼ਮਾਨਤ ਤੇ ਆਇਆ ਸੀ ਤੇ ਉਦੋਂ ਤੋਂ ਹੀ ਉਹ ਰਾਹੁਲ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਯੋਜਨਾ ਤਹਿਤ ਉਹ 6 ਮਹੀਨੇ ਪਹਿਲਾਂ ਯੂਪੀ ਤੋਂ 30 ਹਜ਼ਾਰ ਰੁਪਏ ’ਚ ਇਕ ਦੇਸੀ ਪਿਸਤੌਲ ਲੈ ਕੇ ਆਇਆ ਸੀ। ਪਿਛਲੇ 6 ਮਹੀਨਿਆਂ ਤੋਂ ਉਹ ਰਾਹੁਲ ਨੂੰ ਮਾਰਨ ਲਈ ਘੁੰਮ ਰਿਹਾ ਸੀ ਪਰ ਉਸ ਨੂੰ ਮੌਕਾ ਨਹੀਂ ਮਿਲ ਰਿਹਾ ਸੀ ਕਿਉਂਕਿ ਰਾਹੁਲ ਹਮੇਸ਼ਾ ਆਪਣੇ ਸਾਥੀਆਂ ਨਾਲ ਇਕ ਸਮੂਹ ’ਚ ਰਹਿੰਦਾ ਸੀ। ਜਿਸ ਕਾਰਨ ਉਸ ਨੂੰ ਮੌਕਾ ਨਹੀਂ ਮਿਲਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਰਾਤ ਨੂੰ ਅਮਨ ਪਾਸਵਾਨ ਦੇ ਸਾਥੀਆਂ ਨੇ ਇਲਾਕੇ ’ਚ ਬੈਠੇ ਰਾਹੁਲ ਦੀ ਰੇਕੀ ਵੀ ਕੀਤੀ ਸੀ, ਜਿਸ ਤੋਂ ਬਾਅਦ ਸਾਰੀ ਯੋਜਨਾ ਤਿਆਰ ਕੀਤੀ ਗਈ ਤੇ ਨਿਡਰ ਬਦਮਾਸ਼ਾਂ ਨੇ ਰਾਹੁਲ ਤੇ ਖੁੱਲ੍ਹੇਆਮ ਗੋਲੀਆਂ ਚਲਾਈਆਂ ਜਦੋਂ ਉਹ ਲਾਠੀਮਾਰ ਮੁਹੱਲਾ ’ਚ ਆਪਣੇ ਦੋਸਤ ਦੇ ਘਰ ਦੇ ਬਾਹਰ ਬੈਠਾ ਸੀ। ਇਸ ਮਾਮਲੇ ਨੂੰ ਲੈ ਕੇ ਕਮਿਸ਼ਨਰੇਟ ਪੁਲਿਸ ਦੀਆਂ ਕਈ ਟੀਮਾਂ ਮੈਦਾਨ ’ਚ ਉਤਰ ਆਈਆਂ ਸਨ। ਅੰਤ ’ਚ ਦੇਰ ਰਾਤ ਲਗਪਗ 12:00 ਵਜੇ ਕਮਿਸ਼ਨਰੇਟ ਪੁਲਿਸ ਨੂੰ ਸਫਲਤਾ ਮਿਲੀ ਤੇ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।



