Punjab

ਪਾਰਲੀਮੈਂਟ ਦੇ ਹੰਗਾਮਿਆਂ ਦੌਰਾਨ ਸੰਤ ਸੀਚੇਵਾਲ ਨੇ ਚੁੱਕੇ ਕਿਸਾਨੀ ਦੇ ਮੁੱਦੇ

ਸੁਲਤਾਨਪੁਰ ਲੋਧੀ, 8 ਅਗਸਤ : ਪਾਰਲੀਮੈਂਟ ਦਾ ਮੌਨਸੂਨ ਸ਼ੈਸ਼ਨ ਹੰਗਾਮਿਆਂ ਵਿੱਚ ਹੀ ਰੁੜ੍ਹਦਾ ਨਜ਼ਰ ਆ ਰਿਹਾ ਹੈ। ਅੱਜ 14 ਵੇਂ ਦਿਨ ਵੀ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਵਾਰ-ਵਾਰ ਮੁਲਤਵੀ ਕਰਨੀ ਪਈ । ਇੰਨ੍ਹਾਂ ਹੰਗਾਮਿਆਂ ਦੇ ਚੱਲਦਿਆ ਵੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਸਾਨੀ ਨਾਲ ਸੰਬੰਧਤ ਸਵਾਲ ਪੁੱਛਕੇ ਕੇਂਦਰ ਵੱਲੋਂ ਕਿਸਾਨੀ ਦੀ ਬਾਂਹ ਫੜਨ ਦੀ ਅਪੀਲ ਕੀਤੀ। ਸੰਤ ਸੀਚੇਵਾਲ ਨੇ ਰਾਜ ਸਭਾ ਵਿੱਚ ਖੇਤੀਬਾੜੀ ਮੰਤਰਾਲੇ ਨੂੰ ਲਿਖਤੀ ਸਵਾਲ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਦੱਸੇ ਪੰਜਾਬ ਦੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਵਿੱਚੋਂ ਕੱਢਣ ਲਈ ਕੇਂਦਰ ਸਰਕਾਰ ਨੇ ਕੀ ਉਪਰਾਲੇ ਕੀਤੇ ਹਨ ਤੇ ਪੰਜਾਬ ਦੇ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਕੱਢਣ ਲਈ ਕੇਂਦਰ ਸਰਕਾਰ ਨੇ ਕਿਹੜੇ ਕਦਮ ਚੁੱਕੇ ਹਨ? ਸੰਤ ਸੀਚੇਵਾਲ ਨੇ ਕੇਂਦਰੀ ਖੇਤੀ ਮੰਤਰੀ ਨੂੰ ਸਵਾਲ ਪੁੱਛਦਿਆ ਕਿਹਾ ਕਿ ਵੱਧ ਪਾਣੀ ਦੀ ਖਪੱਤ ਕਰਨ ਵਾਲੀਆਂ ਫਸਲਾਂ ਜਿਵੇਂ ਕਿ ਝੋਨਾ ਅਤੇ ਕਣਕ ਵਰਗੀਆਂ ਫਸਲਾਂ ਤੋਂ ਨਿਰਭਰਤਾ ਘਟਾਉਣ ਲਈ ਸਰਕਾਰ ਕੋਲ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਾਲੇ ਕਿਹੜੇ ਪ੍ਰੋਗਰਾਮ ਹਨ? ਸੰਤ ਸੀਚੇਵਾਲ ਨੇ ਇਹ ਸਵਾਲ ਨੂੰ ਹੋਰ ਵਿਸਥਾਰ ਦਿੰਦਿਆ ਪੁੱਛਿਆ ਹੈ ਕਿ ਪੰਜਾਬ ਵਿੱਚ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਜਾਂ ਫਿਰ ਵੱਧ ਮੁੱਲ ਵਾਲੀਆਂ ਫਸਲਾਂ ਬਾਰੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਕੀ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਜਾਂ ਨਹੀਂ ? ਉਨ੍ਹਾਂ ਕਿਸਾਨਾਂ ਵੱਲੋਂ ਬਦਲਵੀਆਂ ਫਸਲਾਂ ਲਗਾਉਣ ‘ਤੇ ਉਨ੍ਹਾਂ ਦੇ ਮੰਡੀਕਰਨ ਬਾਰੇ ਵੀ ਸਵਾਲ ਪੁੱਛੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਕਿਸਾਨ ਤਾਂ ਬਦਲਵੀਆਂ ਫਸਲਾਂ ਬੀਜ ਲੈਣਗੇ ਪਰ ਕੇਂਦਰ ਸਰਕਾਰ ਦਾਲਾਂ ਅਤੇ ਤੇਲ ਬੀਜਾਂ ਦੀ ਐਮਐਸਪੀ ‘ਤੇ ਖ੍ਰੀਦ ਦੀ ਗਾਰੰਟੀ ਦਿੰਦੀ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆ ਖੇਤੀਬਾੜੀ ਅਤੇ ਕਿਸਾਨ ਭਲਾਈ ਬਾਰੇ ਕੇਂਦਰੀ ਰਾਜ ਮੰਤਰੀ ਰਾਮਨਾਥ ਠਾਕੁਰ ਨੇ ਇਸ ਦਾ ਲਿਖਤੀ ਜਵਾਬ ਦਿਦਿਆ ਕਿਹਾ ਕਿ ਪ੍ਰਧਾਨ ਮੰਤਰੀ-ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਆਪਣੇ ਜਵਾਬ ਵਿੱਚ ਕਿਹਾ ਕਿ ਹਰੀਕ੍ਰਾਂਤੀ ਵਾਲੇ ਸੂਬੇ ਜਿੰਨ੍ਹਾਂ ਵਿੱਚ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਸ਼ਾਮਿਲ ਹਨ।ਇੰਨ੍ਹਾਂ ਸੂਬਿਆਂ ਵਿੱਚ ਕਿਸਾਨਾਂ ਨੂੰ ਜਿੱਥੇ ਖੇਤੀ ਪ੍ਰਦਰਸ਼ਨੀਆਂ ਰਾਹੀ ਜਾਗਰੂਕ ਕੀਤਾ ਜਾਂਦਾ ਹੈ ਉਥੇ ਹੀ ਕਿਸਾਨਾਂ ਨੂੰ ਸੰਕਟ ਨਾਲ ਨਜਿੱਠਣ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵੱਧ ਪਾਣੀ ਲੈਣ ਵਾਲੀ ਫਸਲ ਝੋਨੇ ਤੋਂ ਛੁਟਕਾਰਾ ਦੁਆਉਣ ਲਈ ਵੀ ਕੇਂਦਰ ਸਰਕਾਰ ਨੇ ਜਿਹੜੀ ਸਕੀਮ ਸ਼ੁਰੂ ਕੀਤੀ ਹੈ ਉਸ ਵਿੱਚ ਪੰਜਾਬ ਵੀ ਸ਼ਾਮਿਲ ਹੈ। ਕੇਂਦਰੀ ਰਾਜ ਮੰਤਰੀ ਨੇ ਆਪਣੇ ਜਵਾਬ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਖੇਤੀਬਾੜੀ ਅਤੇ ਬਾਗਬਾਨੀ ਵਸਤਾਂ ਦੇ ਆਨਲਾਈਨ ਵਪਾਰ ਦੀ ਸਹੂਲਤ ਵੀ ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ।

ਸੰਤ ਸੀਚੇਵਾਲ ਨੇ ਹਰ ਸ਼ੈਸ਼ਨ ਦੌਰਾਨ ਕਿਸਾਨਾਂ ਦੀ ਅਵਾਜ਼ ਨੂੰ ਸੰਸਦ ਤੱਕ ਪਹੁੰਚਾਇਆ : ਕਿਸਾਨ ਆਗੂ

ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਪਾਰਲੀਮੈਂਟ ਵਿੱਚ ਕਿਸਾਨਾਂ ਦੇ ਮੁੱਦੇ ਚੁੱਕਣ ‘ਤੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਕੇਂਦਰ ਸਰਕਾਰ ‘ਤੇ ਦਬਾਅ ਬਣਾ ਕੇ ਰੱਖਣ ਤਾਂ ਜੋ ਕਿਸਾਨੀ ਦੀਆਂ ਮੰਗਾਂ ਮੰਨੀਆਂ ਜਾ ਸਕਣ। ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਬਾਰੇ ਫਿਕਰਮੰਦ ਹਨ। ਕਿਸਾਨ ਝੋਨਾ ਤਦ ਹੀ ਛੱਡਣਗੇ ਜਦੋਂ ਬਦਲਵੀਆਂ ਫਸਲਾਂ ਦੀ ਐਮਐਸਪੀ ਤਹਿਤ ਫਸਲਾਂ ਖ੍ਰੀਦੀਆਂ ਜਾਣਗੀਆਂ। ਕੰਡੀ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਪਾਰਲੀਮੈਂਟ ਨਾ ਚੱਲਣ ਦੇ ਬਾਵਜੂਦ ਵੀ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆ ਲਿਖਤੀ ਸਵਾਲ ਪੁੱਛਕੇ ਸਰਕਾਰ ਨੂੰ ਜਵਾਬਦੇਹ ਬਣਾਇਆ ਹੈ, ਜੋ ਕਿ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਸੰਤ ਸੀਚੇਵਾਲ ਹਮੇਸ਼ਾ ਹੀ ਪੰਜਾਬ ਦੇ ਕਿਸਾਨਾਂ ਨਾਲ ਖੜ੍ਹਦੇ ਰਹੇ ਹਨ ਤੇ ਉਹਨਾਂ ਹਮੇਸ਼ਾ ਆਪਣਿਆਂ ਮੱਦਿਆ ਰਾਹੀ ਕਿਸਾਨਾਂ ਦੀ ਅਵਾਜ਼ ਨੂੰ ਸੰਸਦ ਤੱਕ ਪਹੁੰਚਾਇਆ ਹੈ। ਉਹ ਫਿਰ ਭਾਵੇਂ ਕਿਸਾਨਾਂ ਫਸਲੀ ਚੱਕਰ ਵਿੱਚ ਬਾਹਰ ਕੱਢਣ ਦੀ ਹੋਵੇ ਜਾਂ ਫਿਰ ਕਿਸਾਨਾਂ ਦੇ ਕਰਜ਼ਿਆਂ ਨੂੰ ਮਾਫ ਕਰਨ ਅਤੇ ਐਮਐਸਪੀ ਦੀ ਗਰੰਟੀ ਬਾਰੇ।

Related Articles

Leave a Reply

Your email address will not be published. Required fields are marked *

Back to top button