ਟਿਊਬਵੈਲ ਦੇ ਚਲ੍ਹੇ ’ਚੋਂ ਮਿਲੀ 20 ਸਾਲਾ ਨੌਜਵਾਨ ਦੀ ਲਾਸ਼
ਸਰੀਰ ਤੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ; ਕਤਲ ਦਾ ਖਦਸ਼ਾ

ਬਠਿੰਡਾ, 25 ਅਗਸਤ : ਜ਼ਿਲ੍ਹੇ ਦੇ ਪਿੰਡ ਬਹਿਮਣ ਦੀਵਾਨਾ ਦੇ ਵਸਨੀਕ ਕਿਸਾਨ ਦਰਸ਼ਨ ਸਿੰਘ ਦੇ ਖੇਤ ਵਿਚ ਬਣੇ ਟਿਊਬਵੈੱਲ ਦੇ ਚਲ੍ਹੇ ’ਚੋਂ ਲੰਘੇ ਸ਼ਨਿਚਰਵਾਰ ਸ਼ਾਮ ਨੂੰ 20 ਸਾਲਾਂ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦੇ ਮਾਮਲੇ ਵਿਚ ਥਾਣਾ ਸਦਰ ਬਠਿੰਡਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਮ੍ਰਿਤਕ ਨੌਜਵਾਨ ਦੇ ਸਰੀਰ ਤੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਚਲ੍ਹੇ ਵਿਚ ਸੁੱਟ ਦਿੱਤਾ ਗਿਆ ਸੀ। ਫਿਲਹਾਲ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਸੁਰਿੰਦਰ ਸਿੰਘ ਵਾਸੀ ਪਿੰਡ ਬੱਲੂਆਣਾ ਨੇ ਦੱਸਿਆ ਕਿ ਬੀਤੀ 23 ਅਗਸਤ ਨੂੰ ਉਸ ਦਾ 20 ਸਾਲਾਂ ਪੁੱਤਰ ਗੁਰਪਾਲ ਸਿੰਘ ਸਵੇਰੇ ਘਰ ਤੋਂ ਕਿਸੇ ਜ਼ਰੂਰੀ ਕੰਮ ਲਈ ਬਾਹਰ ਗਿਆ ਸੀ। ਸ਼ਨਿਚਰਵਾਰ ਸ਼ਾਮ ਕਰੀਬ 4 ਵਜੇ ਉਨ੍ਹਾਂ ਨੂੰ ਫੋਨ ’ਤੇ ਸੂਚਨਾ ਮਿਲੀ ਕਿ ਉਸ ਦੇ ਪੁੱਤਰ ਦੀ ਲਾਸ਼ ਬਹਿਮਣ ਦਿਵਾਨਾ ਵਾਸੀ ਕਿਸਾਨ ਦਰਸ਼ਨ ਸਿਘ ਦੇ ਖੇਤ ’ਚ ਬਣੇ ਟਿਊਬਵੈੱਲ ਦੀ ਡਿੱਗੀ ’ਚੋਂ ਬਰਾਮਦ ਹੋਈ, ਜਿਸ ਤੋਂ ਬਾਅਦ ਉਨ੍ਹਾਂ ਮੌਕੇ ’ਤੇ ਜਾ ਕੇ ਮ੍ਰਿਤਕ ਦੀ ਪਛਾਣ ਕਰ ਲਈ। ਮ੍ਰਿਤਕ ਉਸ ਦਾ ਪੁੱਤਰ ਗੁਰਪਾਲ ਸਿੰਘ ਸੀ। ਉਸ ਦੇ ਪੁੱਤਰ ਦੇ ਸਰੀਰ ਤੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਦੇ ਹਮਲੇ ਤੇ ਸੱਟਾਂ ਦੇ ਸਾਫ਼ ਨਿਸ਼ਾਨ ਸਨ। ਉਸ ਨੇ ਪੁਲਿਸ ਨੂੰ ਦੱਸਿਆ ਕਿ ਅਣਪਛਾਤੇ ਲੋਕਾਂ ਨੇ ਉਸ ਦੇ ਪੁੱਤਰ ਦਾ ਕਤਲ ਕਰ ਦਿੱਤਾ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਡੀਐੱਸਪੀ ਦਿਹਾਤੀ ਹਰਜੀਤ ਸਿੰਘ ਮਾਨ ਤੇ ਥਾਣਾ ਸਦਰ ਬਠਿੰਡਾ ਦੇ ਇੰਚਾਰਜ ਇੰਸਪੈਕਟਰ ਜਗਦੀਪ ਸਿੰਘ ਨੇ ਮੌਕੇ ਦਾ ਮੁਆਇਨਾ ਕੀਤਾ ਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤਾ। ਇਸ ਦੇ ਨਾਲ ਹੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



