SAD ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਪੰਜ ਮੈਂਬਰੀ ਕਮੇਟੀ ਵੱਲੋਂ ਸੱਦੇ ਜਨਰਲ ਇਜਲਾਸ ‘ਚ ਮੇਰਾ ਨਾਂ ਨਾ ਵਿਚਾਰਿਆ ਜਾਵੇ – ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ, 8 ਅਗਸਤ : ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਆਪਣੀਆਂ ਭਾਵਨਾਵਾਂ ਸਾਹਮਣੇ ਰੱਖੀਆਂ ਹਨ | ਇਹ ਭਾਵਨਾਵਾਂ 11 ਅਗਸਤ ਨੂੰ ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵਿੱਚ ਉਹਨਾਂ ਦੇ ਨਾਮ ਸਮੇਤ ਬੀਬੀ ਸਤਵੰਤ ਕੌਰ ਦਾ ਨਾਮ ਪ੍ਰਧਾਨਗੀ ਲਈ ਵਿਚਾਰਿਆ ਜਾ ਰਿਹਾ ਹੈ ਜਿਸ ਸਬੰਧੀ ਉਨ੍ਹਾਂ ਕਿਹਾ ਕਿ ਪੰਜ ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਚੋਣ ਇਜਲਾਸ ਰੱਖਿਆ ਗਿਆ ਹੈ। ਮੇਰੇ ਕੋਲ ਜਾਣਕਾਰੀ ਪੁੱਜ ਰਹੀ ਹੈ ਕਿ ਉਸ ਚੋਣ ਵਿੱਚ ਮੇਰੇ ਨਾਂ ਦੀ ਅਤੇ ਬੀਬੀ ਸਤਵੰਤ ਕੌਰ ਜੀ ਜੋ ਕਿ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਹਨ, ਸਾਡੇ ਦੋਵਾਂ ਦੇ ਨਾਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਲਈ ਵਿਚਾਰੇ ਜਾ ਰਹੇ ਹਨ। ਕੁਝ ਮੇਰੇ ਤੇ ਕੁਝ ਬੀਬੀ ਦੇ ਸਮਰਥਨ ਵਿੱਚ ਵਿਚਾਰ ਪ੍ਰਗਟ ਹੋ ਰਹੇ ਹਨ। ਮੇਰੇ ਮਨ ਵਿੱਚ ਆਪਣੀ ਉਸ ਭੈਣ ਦੇ ਪ੍ਰਤੀ ਬਹੁਤ ਸਤਿਕਾਰ ਹੈ। ਇਸ ਲਈ ਪੰਜ ਮੈਂਬਰੀ ਕਮੇਟੀ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਮੈਂ ਕਿਸੇ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਨਹੀਂ। ਇਸ ਲਈ ਮੇਰਾ ਨਾਮ ਪ੍ਰਧਾਨਗੀ ਲਈ ਨਾ ਵਿਚਾਰਿਆ ਜਾਵੇ। ਇੱਥੇ ਵੀ ਦੱਸਣ ਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਹੋਏ ਧੜੇ ਵੱਲੋਂ 11 ਅਗਸਤ ਨੂੰ ਬੁਰਜ ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਵਿਖੇ ਸਵੇਰੇ 11 ਵਜੇ ਡੇਲੀਗੇਟਾਂ ਦਾ ਇਜਲਾਸ ਰੱਖ ਕੇ ਪ੍ਰਧਾਨ ਦੀ ਚੋਣ ਕਰਨ ਦਾ ਫੈਸਲਾ ਲਿਆ ਹੈ। ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਹੋਏ ਹੁਕਮਨਾਮੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਮੁਹਿੰਮ ਨੂੰ ਚਲਾਉਂਦਿਆ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਕੀਤੀ ਗਈ ਸੀ। ਡੈਲੀਗੇਟ ਚੁਣੇ ਜਾਣ ਤੋਂ ਬਾਅਦ ਜਿਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਇਜਲਾਸ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹਾਲ ਦੀ ਇਜਾਜ਼ਤ ਮੰਗੀ ਗਈ ਸੀ, ਜਿਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਭੇਜ ਦਿੱਤਾ ਸੀ। ਬੀਤੇ ਦਿਨੀਂ ਪੰਜ ਸਿੰਘ ਸਾਹਿਬਾਨ ਵੱਲੋਂ ਇਸ ਮਾਮਲੇ ਵਿੱਚ ਜਿੱਥੇ ਕਿਸੇ ਵੀ ਅਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਨਤਾ ਨਾ ਹੋਣ ਦਾ ਮਤਾ ਪਾਸ ਕੀਤਾ, ਉਥੇ ਹੀ ਕਿਸੇ ਵੀ ਇੱਕ ਧੜੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਂ ਦੀ ਵਰਤੋਂ ਕਰਨ ਨਾ ਲਈ ਵੀ ਮਤਾ ਪਾਸ ਕਰ ਦਿੱਤਾ ਅਤੇ ਵੱਖ ਹੋਏ ਅਕਾਲੀਆਂ ਨੂੰ ਇਕੱਠੇ ਹੋ ਕੇ ਚੱਲਣ ਦੀ ਵੀ ਹਦਾਇਤ ਕੀਤੀ । ਪੰਜ ਮੈਂਬਰੀ ਕਮੇਟੀ ਵੱਲੋਂ ਤਕਰੀਬਨ 15 ਲੱਖ ਭਰਤੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਡੈਲੀਗੇਟ ਵੀ ਚੁਣੇ ਜਾ ਚੁੱਕੇ ਹਨ। 11 ਅਗਸਤ ਨੂੰ ਤਕਰੀਬਨ 500 ਡੈਲੀਗੇਟਾਂ ਦਾ ਇਜਲਾਸ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਵਿਖੇ ਸਵੇਰੇ 11 ਵਜੇ ਹੋਣ ਜਾ ਰਿਹਾ ਹੈ। ਭਾਵੇਂ ਅਧਿਕਾਰਤ ਤੌਰ ‘ਤੇ ਇਸ ਇਜਲਾਸ ਦਾ ਐਲਾਨ ਨਹੀਂ ਕੀਤਾ ਗਿਆ। ਸੂਤਰਾਂ ਮੁਤਾਬਕ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ।



