
ਮਾਨਸਾ, 8 ਅਗਸਤ : ਮਾਨਸਾ ਸ਼ਹਿਰ ਅੰਦਰ ਸ਼ੈਲਰ ਮਾਲਕ ਵੱਲੋਂ ਇੱਕ ਨਾਬਾਲਗ 14 ਸਾਲਾ ਲੜਕੀ ਨਾਲ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਵਿੱਚ ਬਿਆਨਾਂ ਦੇ ਅਧਾਰ ‘ਤੇ 2 ਔਰਤਾਂ ਸਮੇਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਥੇ ਦੱਸਣਯੋਗ ਹੈ ਕਿ 45 ਸਾਲਾ ਇੱਕ ਸ਼ੈਲਰ ਮਾਲਕ ਵੱਲੋਂ 14 ਸਾਲਾਂ ਦੀ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਨੂੰ ਗੁਆਂਢ ਵਿੱਚ ਰਹਿੰਦੀ ਔਰਤ ਵੱਲੋਂ ਕੁਝ ਦਿਨ ਪਹਿਲਾਂ ਮਹਿੰਦੀ ਲਗਵਾਉਣ ਦੇ ਬਹਾਨੇ ਆਪਣੇ ਘਰ ਬੁਲਾਇਆ ਜਿੱਥੇ ਉਨ੍ਹਾਂ ਦੀ ਲੜਕੀ ਦੇ ਨਾਲ ਸ਼ੈਲਰ ਮਾਲਕ (ਭੀਮ ) ਵੱਲੋਂ ਜ਼ਬਰਦਸਤੀ ਕੀਤੀ ਗਈ। ਉਸ ਤੋਂ ਬਾਅਦ ਲੜਕੀ ਨੂੰ ਧਮਕੀਆਂ ਦਿੰਦੇ ਰਹੇ ਕਿ ਜੇਕਰ ਕਿਸੇ ਕੋਲ ਦੱਸਿਆ ਤਾਂ ਉਸਨੂੰ ਜਾਨੋਂ ਮਾਰ ਦੇਣਗੇ। ਉਨ੍ਹਾਂ ਦੱਸਿਆ ਕਿ ਹਫ਼ਤਾ ਪਹਿਲਾਂ ਹੀ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਪਤਾ ਲੱਗਾ ਤਾਂ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਿੱਤੀ। ਅੱਜ ਹਸਪਤਾਲ ਵਿੱਚ ਲੜਕੀ ਦਾ ਮੈਡੀਕਲ ਕੀਤਾ ਗਿਆ ਜਿਸ ਬਾਅਦ ਹੁਣ ਪੁਲਿਸ ਕਾਰਵਾਈ ਕਰ ਰਹੀ ਹੈ। ਮਾਨਸਾ ਥਾਣਾ ਸਿਟੀ 2 ਦੇ ਇੰਚਾਰਜ ਬਲਵੀਰ ਸਿੰਘ ਨੇ ਪੀੜਤ ਦੇ ਬਿਆਨਾਂ ਦੇ ਅਧਾਰ ‘ਤੇ 2 ਔਰਤਾਂ ਸਮੇਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐਸਐਚਓ ਸਿਟੀ 2 ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ 3 ਵਿਅਕਤੀਆ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।



