ਪੰਜਾਬ ਦੇ ਕਈ ਜ਼ਿਲ੍ਹਿਆਂ ਬਾਰਿਸ਼, ਫਿਰੋਜ਼ਪੁਰ ’ਚ ਆਫਰਿਆ ਸਤਲੁਜ ਦਰਿਆ
150 ਏਕੜ ਫਸਲ ਡੁੱਬੀ, ਜਾਣੋ ਅਗਲੇ ਦਿਨਾਂ 'ਚ ਮੌਸਮ ਦਾ ਹਾਲ

ਲੁਧਿਆਣਾ, 6 ਅਗਸਤ : ਪੰਜਾਬ ਦੇ ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ ਸਮੇਤ ਕਈ ਜ਼ਿਲ੍ਹਿਆਂ ’ਚ ਮੰਗਲਵਾਰ ਨੂੰ ਭਾਰੀ ਬਾਰਿਸ਼ ਹੋਈ। ਭਾਖੜਾ ਤੇ ਪੌਂਗ ਡੈਮ ’ਚ ਪਾਣੀ ਦਾ ਪੱਧਰ ਵੀ ਨਿਰੰਤਰ ਵਧ ਰਿਹਾ ਹੈ। ਪੰਜ ਅਗਸਤ ਨੂੰ ਪੌਂਗ ਡੈਮ ਦਾ ਪਾਣੀ ਦਾ ਪੱਧਰ ’ਤੇ 1368.26 ਫੁੱਟ ਰਿਕਾਰਡ ਕੀਤਾ ਗਿਆ। 45 ਦਿਨ ਬਾਅਦ ਡੈਮ ’ਚ 80 ਫੁੱਟ ਪਾਣੀ ਦਾ ਪੱਧਰ ਵਧਿਆ ਹੈ। ਫਿਲਹਾਲ ਖ਼ਤਰੇ ਦੇ ਨਿਸ਼ਾਨ ਤੋਂ ਅਜੇ 22 ਫੁੱਟ ਹੇਠਾਂ ਹੈ। ਭਾਖੜਾ ਦਾ ਪਾਣੀ ਦਾ ਪੱਧਰ ਵੀ 1633.19 ਫੁੱਟ ਰਿਹਾ। ਓਧਰ ਹਰੀਕੇ ਹੈੱਡ ਤੋਂ ਸਤਲੁਜ ਦਰਿਆ ’ਚ ਕਰੀਬ 22 ਹਜ਼ਾਰ ਕਿਉਸਕ ਪਾਣੀ ਛੱਡਣ ਨਾਲ ਫਿਰੋਜ਼ਪੁਰ ’ਚ ਹੜ੍ਹ ਦੇ ਹਾਲਾਤ ਪੈਦਾ ਹੋ ਗਏ ਹਨ। ਕਰੀਬ 150 ਏਕੜ ਝੋਨੇ ਦੀ ਫ਼ਸਲ ’ਚ ਪਾਣੀ ’ਚ ਡੁੱਬ ਗਈ ਹੈ। ਸਤਲੁਜ ਦਰਿਆ ’ਚ ਲਗਾਤਾਰ ਵਧਦੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਹੁਸੈਨੀਵਾਲਾ ਹੈੱਡ ਦੇ ਵੀ ਕੁਝ ਗੇਟ ਖੋਲ੍ਹ ਦਿੱਤੇ ਗਏ ਹਨ, ਤਾਂ ਜੋ ਸਥਿਤੀ ਕੰਟਰੋਲ ’ਚ ਹੋ ਸਕੇ। ਡੀਸੀ ਦੀਪ ਸ਼ਿਖਾ ਸ਼ਰਮਾ ਨੇ ਕਿਹਾ ਕਿ ਜ਼ਿਲ੍ਹੇ ’ਚ ਅਜੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ’ਚ ਹਨ। ਪ੍ਰਸ਼ਾਸਨ ਦੀਆਂ ਸਾਰੀਆਂ ਟੀਮਾਂ ਪੂਰੀ ਤਰ੍ਹਾਂ ਅਲਰਟ ਹਨ। ਫਿਲਹਾਲ ਛੇ ਤੋਂ ਨੌਂ ਅਗਸਤ ਤੱਕ ਸੂਬੇ ’ਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ, ਪਰ ਰਾਜਧਾਨੀ ਚੰਡੀਗੜ੍ਹ ’ਚ ਭਾਰੀ ਬਾਰਿਸ਼ ਹੋ ਸਕਦੀ ਹੈ। 10 ਅਗਸਤ ਤੋਂ ਮੌਨਸੂਨ ਮੁੜ ਸਰਗਰਮ ਹੋਵੇਗਾ। ਇਸ ਤੋਂ ਬਾਅਦ ਦੋ ਦਿਨ ਭਾਰੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਇਸ ਬਾਰੇ ਆਰੇਂਜ ਅਲਰਟ ਜਾਰੀ ਕੀਤਾ ਹੈ।
ਕਿੱਥੇ ਹੋਈ ਕਿੰਨੀ ਬਾਰਿਸ਼
ਗੁਰਦਾਸਪੁਰ 22.7
ਐੱਸਬੀਐੱਸ ਨਗਰ 20.6
ਰੂਪਨਗਰ 12.5
ਹੁਸ਼ਿਆਰਪੁਰ 11.0
ਚੰਡੀਗੜ੍ਹ 9.6
ਫ਼ਰੀਦਕੋਟ 5.5
ਲੁਧਿਆਣਾ 1.4



