Punjab

ਥਾਣੇ ’ਚ ਨੌਜਵਾਨ ’ਤੇ ਤਸ਼ੱਦਦ, ਇੰਸਪੈਕਟਰ ਤੇ ਏਐੱਸਆਈ ਮੁਅੱਤਲ

ਪੀੜਤ ਘੱਗਾ ਦੇ ਨਿਵਾਸੀ ਨੇ ਹਾਈ ਕੋਰਟ ’ਚ ਦਾਇਰ ਕੀਤੀ ਸੀ ਪਟੀਸ਼ਨ

ਪਟਿਆਲਾ, 6 ਅਗਸਤ : ਪੁਲਿਸ ਥਾਣੇ ਵਿਚ ਨੌਜਵਾਨ ’ਤੇ ਤਸ਼ੱਦਦ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਇੰਸਪੈਕਟਰ ਯਸ਼ਪਾਲ ਸ਼ਰਮਾ ਅਤੇ ਏਐੱਸਆਈ ਬਲਬੀਰ ਸਿੰਘ ਨੂੰ ਮੁਅੱਤਲ ਕਰਕੇ ਉਨ੍ਹਾਂ ਦੇ ਖ਼ਿਲਾਫ਼ ਥਾਣਾ ਘੱਗਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ਖ਼ਿਲਾਫ਼ ਘੱਗਾ ਦੇ ਨਿਵਾਸੀ ਹਰਪ੍ਰੀਤ ਸਿੰਘ ਨੇ ਪਟੀਸ਼ਨ ਦਾਇਰ ਕੀਤੀ ਸੀ। ਡੀਐੱਸਪੀ ਇੰਦਰਪਾਲ ਸਿੰਘ ਚੌਹਾਨ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਫਿਲਹਾਲ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਘੱਗਾ ਦੇ ਵਾਰਡ ਨੰਬਰ ਛੇ ਦੀ ਵਾਸੀ ਵਰਿੰਦਰ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 26 ਜੂਨ ਨੂੰ ਉਸ ਨਾਲ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਮਾਰਕੁੱਟ ਕੀਤੀ ਸੀ। ਪੁਲਿਸ ਨੇ 10 ਜੁਲਾਈ ਨੂੰ ਦੋਹਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਵਰਿੰਦਰ ਕੌਰ ਨੇ ਦੋਸ਼ ਲਾਇਆ ਸੀ ਕਿ ਉਸ ਦੀ ਜ਼ਮੀਨ ਵਾਹੁਣ ਦੇ ਮਾਮਲੇ ਵਿਚ ਉਕਤ ਦੋਨੋਂ ਨੌਜਵਾਨ ਉਸ ਨੂੰ ਰੋਕਦੇ ਹਨ ਅਤੇ ਮਾਰਕੁੱਟ ਕਰਦੇ ਹਨ। ਮੁਕੱਦਮਾ ਦਰਜ ਹੋਣ ਦੇ ਬਾਅਦ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਹਰਪ੍ਰੀਤ ਸਿੰਘ ਨੇ ਪੁਲਿਸ ’ਤੇ ਦੋਸ਼ ਲਾਇਆ ਸੀ ਕਿ ਉਸ ’ਤੇ ਥਾਣੇ ਵਿਚ ਤਸ਼ੱਦਦ ਢਾਹਿਆ ਗਿਆ ਤੇ ਉਸ ਨੂੰ ਕਰੰਟ ਵੀ ਲਗਾਇਆ ਗਿਆ। ਹਰਪ੍ਰੀਤ ਸਿੰਘ ਦੇ ਮੈਡੀਕਲ ਕਰਵਾਉਣ ਦੌਰਾਨ ਮਾਰਕੁੱਟ ਦੀ ਰਿਪੋਰਟ ਬਣੀ ਸੀ, ਜਿਸ ਤੋਂ ਬਾਅਦ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ। ਹਾਈ ਕੋਰਟ ਦੇ ਨਿਰਦੇਸ਼ਾਂ ਦੇ ਬਾਅਦ ਮੌਕੇ ਦੇ ਏਐੱਸਆਈ ਯਸ਼ਪਾਲ ਸ਼ਰਮਾ ਅਤੇ ਏਐੱਸਆਈ ਬਲਵੀਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਬਾਅਦ ਐੱਸਐੱਸਪੀ ਨੇ ਦੋਵਾਂ ਦੇ ਖ਼ਿਲਾਫ਼ ਕਾਰਵਾਈ ਕੀਤੀ। ਇਸ ਕਾਰਵਾਈ ਦੀ ਰਿਪੋਰਟ ਹਾਈ ਕੋਰਟ ਵਿਚ ਸਬਮਿਟ ਕਰ ਦਿੱਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button