ਕੈਦੀਆਂ ਤੇ ਹਵਾਲਾਤੀਆਂ ਕੋਲ ਮੋਬਾਈਲ ਫੋਨਾਂ ਦਾ ਮਿਲਣਾ ਚਿੰਤਾ ਦਾ ਵਿਸ਼ਾ
ਜੇਲ੍ਹ ਪ੍ਰਸ਼ਾਸਨ ਨੇ 6 ਹਵਾਲਾਤੀਆਂ ਸਣੇ 7 ਖ਼ਿਲਾਫ਼ ਮਾਮਲਾ ਕੀਤਾ ਦਰਜ

ਬਾਲ ਕਿਸ਼ਨ
ਫਿਰੋਜ਼ਪੁਰ, 5 ਅਗਸਤ : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਮੋਬਾਈਲ ਫੋਨਾਂ ਦੀ ਬਰਾਮਦੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਨੇ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪਿਛਲੇ ਕੁਝ ਦਿਨਾਂ ਵਿਚ ਇਹ ਦੂਜੀ ਵੱਡੀ ਕਾਰਵਾਈ ਹੈ ਜਦੋਂ ਜੇਲ੍ਹ ਅੰਦਰੋਂ ਵੱਡੀ ਗਿਣਤੀ ਵਿਚ ਮੋਬਾਈਲ ਫੋਨ ਮਿਲੇ ਹਨ। ਤਾਜ਼ਾ ਘਟਨਾਕ੍ਰਮ ਵਿਚ ਬੀਤੇ ਦਿਨ ਤਲਾਸ਼ੀ ਮੁਹਿੰਮ ਦੌਰਾਨ ਵੱਖ-ਵੱਖ ਬੈਰਕਾਂ ਅਤੇ ਬਲਾਕਾਂ ਵਿੱਚੋਂ 10 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ 6 ਹਵਾਲਾਤੀਆਂ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ਼ 52-ਏ ਪ੍ਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਨੇ ਇਕ ਲਿਖਤੀ ਸ਼ਿਕਾਇਤ ਦਿੱਤੀ ਸੀ। ਇਸ ਅਨੁਸਾਰ 2 ਅਗਸਤ 2025 ਨੂੰ ਕੀਤੀ ਗਈ ਤਲਾਸ਼ੀ ਦੌਰਾਨ ਹਵਾਲਾਤੀ ਪ੍ਰੇਮ ਸਿੰਘ ਪੁੱਤਰ ਪੰਜਾ ਸਿੰਘ ਵਾਸੀ ਮੱਬੋ ਕੇ, ਥਾਣਾ ਮਮਦੋਟ, ਫਿਰੋਜ਼ਪੁਰ ਕੋਲੋਂ ਇਕ ਓਪੋ ਕੰਪਨੀ ਦਾ ਟੱਚ ਸਕਰੀਨ ਮੋਬਾਈਲ ਫੋਨ ਅਤੇ ਏਅਰਟੈੱਲ ਕੰਪਨੀ ਦੀ ਇਕ ਸਿੰਮ ਬਰਾਮਦ ਹੋਈ। ਇਸ ਤੋਂ ਇਲਾਵਾ ਜੇਲ੍ਹ ਦੇ ਵੱਖ-ਵੱਖ ਬਲਾਕਾਂ ਦੀ ਤਲਾਸ਼ੀ ਦੌਰਾਨ ਹੋਰ ਹਵਾਲਾਤੀਆਂ, ਜਿਨ੍ਹਾਂ ਵਿਚ ਨਿਰਵੈਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਮਸਤੇ ਕੇ, ਬੋਬੀ ਉਰਫ਼ ਗੁੱਲੀ ਪੁੱਤਰ ਮੰਗਤ ਰਾਮ ਵਾਸੀ ਬਾਨੂ ਵਾਲਾ ਵੇਹੜਾ, ਫਿਰੋਜ਼ਪੁਰ, ਮਿੰਟੂ ਪੁੱਤਰ ਰਾਜ ਕੁਮਾਰ ਵਾਸੀ ਮਾਹਮੂ ਜੋਈਆ ਥਾਣਾ ਅਮੀਰ ਖਾਸ, ਭੀਮ ਕੁਮਾਰ ਠੁਕਰਾਲ ਪੁੱਤਰ ਰਵਿੰਦਰ ਕੁਮਾਰ ਵਾਸੀ ਵਾਰਡ ਨੰਬਰ 11 ਮਖੂ ਅਤੇ ਅੰਗਰੇਜ਼ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਦਾਣਾ ਮੰਡੀ ਫਿਰੋਜ਼ਪੁਰ ਸ਼ਹਿਰ ਸ਼ਾਮਲ ਹਨ, ਕੋਲੋਂ ਕੁੱਲ 4 ਮੋਬਾਈਲ ਫੋਨ (ਇਕ ਟੱਚ ਸਕਰੀਨ ਅਤੇ ਤਿੰਨ ਕੀਪੈਡ) ਮਿਲੇ। ਇਨ੍ਹਾਂ ਤੋਂ ਇਲਾਵਾ 5 ਹੋਰ ਕੀਪੈਡ ਮੋਬਾਈਲ ਫੋਨ ਲਾਵਾਰਿਸ ਹਾਲਤ ਵਿਚ ਬਰਾਮਦ ਹੋਏ, ਜਿਸ ਨਾਲ ਕੁੱਲ ਬਰਾਮਦ ਕੀਤੇ ਗਏ ਮੋਬਾਈਲ ਫੋਨਾਂ ਦੀ ਗਿਣਤੀ 10 ਹੈ। ਪੁਲਿਸ ਨੇ ਉਕਤ ਸਾਰੇ ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚੋਂ ਇਕ ਵੱਡੀ ਤਲਾਸ਼ੀ ਮੁਹਿੰਮ ਦੌਰਾਨ 15 ਮੋਬਾਈਲ ਫੋਨ ਮਿਲੇ ਸਨ। ਉਸ ਸਮੇਂ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ 15 ਹਵਾਲਾਤੀਆਂ ਖ਼ਿਲਾਫ਼ 52-ਏ ਪ੍ਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਜੇਲ੍ਹ ਅੰਦਰੋਂ ਲਗਾਤਾਰ ਮੋਬਾਈਲ ਫੋਨ ਮਿਲਣਾ ਸੁਰੱਖਿਆ ਪ੍ਰਬੰਧਾਂ ’ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ।



